Unemployment In India: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਕਿ ਸਾਲ 2014 ਤੋਂ 2022 ਦੌਰਾਨ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਯੁਕਤੀ ਲਈ 22.05 ਕਰੋੜ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਭਰਤੀ ਏਜੰਸੀਆਂ ਵੱਲੋਂ 7.22 ਲੱਖ ਉਮੀਦਵਾਰਾਂ ਦੀ ਭਰਤੀ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਜਾਣਕਾਰੀ ਪ੍ਰਸੋਨਲ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੇ ਲੋਕ ਸਭਾ ਵਿੱਚ ਏ ਰੇਵੰਤ ਰੈਡੀ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਏ ਰੇਵੰਤ ਰੈਡੀ ਨੇ ਸਾਲ 2014 ਤੋਂ ਹੁਣ ਤੱਕ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਪੱਕੀ ਨੌਕਰੀ ਹਾਸਲ ਕਰਨ ਵਾਲੇ ਲੋਕਾਂ ਦਾ ਵੇਰਵਾ ਮੰਗਿਆ ਸੀ, ਜਿਸ ਦੇ ਜਵਾਬ 'ਚ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਹੈ।

ਸਾਲ ਦਰ ਸਾਲ ਨੌਕਰੀਆਂ ਕਿਵੇਂ ਘਟੀਆਂ
ਪ੍ਰਸੋਨਲ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੇ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਯੁਕਤੀ ਲਈ ਭਰਤੀ ਏਜੰਸੀਆਂ ਵੱਲੋਂ ਸਿਫ਼ਾਰਸ਼ ਕੀਤੇ ਉਮੀਦਵਾਰਾਂ ਦੀ ਗਿਣਤੀ 7,22,311 ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ 22,05,99,238 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਸਿੰਘ ਵੱਲੋਂ ਹੇਠਲੇ ਸਦਨ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ-

ਸਾਲ 2021-22 ਵਿੱਚ, 1,86,71,121 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਭਰਤੀ ਲਈ 38,850 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।

ਸਾਲ 2020-21 ਵਿੱਚ, 1,80,01,469 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਭਰਤੀ ਲਈ 78,555 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।

ਸਾਲ 2019-20 ਵਿੱਚ, 1,78,39,752 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਭਰਤੀ ਲਈ 1,47,096 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।

ਸਾਲ 2018-19 ਵਿੱਚ, 5,09,36,479 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਭਰਤੀ ਲਈ 38,100 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।

ਸਾਲ 2017-18 ਵਿੱਚ, 3,94,76,878 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਭਰਤੀ ਲਈ 76,147 ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਸੀ।

ਸਾਲ 2016-17 ਵਿੱਚ, 2,28,99,612 ਅਰਜ਼ੀਆਂ ਪ੍ਰਾਪਤ ਹੋਈਆਂ ਸਨ, 1,01,333 ਉਮੀਦਵਾਰਾਂ ਦੀ ਭਰਤੀ ਦੀ ਸਿਫਾਰਸ਼ ਕੀਤੀ ਗਈ ਸੀ।

ਸਾਲ 2015-16 ਵਿੱਚ, 2,95,51,844 ਅਰਜ਼ੀਆਂ ਪ੍ਰਾਪਤ ਹੋਈਆਂ ਸਨ, 1,11,807 ਉਮੀਦਵਾਰਾਂ ਦੀ ਭਰਤੀ ਦੀ ਸਿਫਾਰਸ਼ ਕੀਤੀ ਗਈ ਸੀ।

ਅਤੇ, ਸਾਲ 2014-15 ਵਿੱਚ, 2,32,22,083 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਭਰਤੀ ਲਈ 1,30,423 ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਗਈ ਸੀ।

ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਵੱਧ ਰਹੀ
ਇਸ ਤਰ੍ਹਾਂ ਭਾਰਤ ਵਿੱਚ ਨੌਕਰੀਆਂ ਸਾਲ ਦਰ ਸਾਲ ਘਟਦੀਆਂ ਰਹੀਆਂ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅਨੁਸਾਰ, ਦਸੰਬਰ 2021 ਵਿੱਚ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ 7.9 ਪ੍ਰਤੀਸ਼ਤ ਸੀ। “2005 ਵਿੱਚ, 18 ਤੋਂ 23 ਸਾਲ ਦੇ ਲਗਭਗ 15 ਪ੍ਰਤੀਸ਼ਤ ਬੱਚੇ ਉੱਚ ਸਿੱਖਿਆ ਭਾਵ ਕਾਲਜ ਜਾ ਰਹੇ ਸਨ, ਜੋ ਅੱਜ ਵਧ ਕੇ ਲਗਭਗ 25 ਪ੍ਰਤੀਸ਼ਤ ਹੋ ਗਏ ਹਨ। ਦੂਜੇ ਪਾਸੇ ਪਿਛਲੇ ਦੋ ਦਹਾਕਿਆਂ ਤੋਂ ਸਰਕਾਰੀ ਨੌਕਰੀਆਂ ਵਿੱਚ ਲਗਾਤਾਰ ਕਮੀ ਆਈ ਹੈ।

ਪਿਛਲੇ ਅਧਿਕਾਰਤ ਅੰਕੜਿਆਂ ਦੇ ਅਨੁਸਾਰ, 2017-18 ਵਿੱਚ ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਸੀ, ਯਾਨੀ, 6.1%। ਇੱਕ ਖੋਜ ਦੇ ਅਨੁਸਾਰ, ਸਾਲ 2021 ਦੀ ਸ਼ੁਰੂਆਤ ਤੋਂ, 25 ਮਿਲੀਅਨ ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ 75 ਮਿਲੀਅਨ ਲੋਕ ਗਰੀਬੀ ਰੇਖਾ ਤੱਕ ਪਹੁੰਚ ਗਏ ਹਨ, ਜਿਨ੍ਹਾਂ ਵਿੱਚ 100 ਮਿਲੀਅਨ ਮੱਧ ਵਰਗ ਦਾ ਇੱਕ ਤਿਹਾਈ ਹਿੱਸਾ ਸ਼ਾਮਲ ਹੈ। ਅੱਜ ਦੇਸ਼ ਦੀ ਅਰਥਵਿਵਸਥਾ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੀ ਲੋੜ ਹੈ ਪਰ ਪਿਛਲੇ ਦਹਾਕੇ ਦੌਰਾਨ ਭਾਰਤ ਵਿੱਚ ਹਰ ਸਾਲ ਸਿਰਫ਼ 43 ਲੱਖ ਨੌਕਰੀਆਂ ਹੀ ਪੈਦਾ ਹੋਈਆਂ ਹਨ।

PM ਨੇ ਨੌਕਰੀ ਦਾ ਵਾਅਦਾ ਕੀਤਾ ਸੀ, ਵਿਰੋਧੀ ਧਿਰ ਨੇ ਕੱਸਿਆ ਤਨਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਡੇਢ ਸਾਲ 'ਚ 10 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ 'ਚ ਅਗਲੇ ਡੇਢ ਸਾਲ ਦੌਰਾਨ 10 ਲੱਖ ਲੋਕਾਂ ਦੀ ਭਰਤੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਇਸ ਐਲਾਨ 'ਤੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਸਾਲ 2024 ਤੱਕ ਸਿਰਫ਼ 10 ਲੱਖ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ।