ਜਲੰਧਰ:- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਾਇਦਾਦਾਂ ਦੇ ਇੰਤਕਾਲ ਸਬੰਧੀ ਕੁੱਲ 1353 ਕੇਸਾਂ ਵਿੱਚੋਂ 1298 ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੇ 55 ਮਾਮਲਿਆਂ ਦਾ ਵੀ ਜਲਦ ਨਿਬੇੜਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਜਲੰਧਰ-1 ਵੱਲੋਂ ਕੁੱਲ 139 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਕੋਈ ਕੇਸ ਬਕਾਇਆ ਨਹੀਂ ਹੈ ਜਦਕਿ ਨਾਇਬ ਤਹਿਸੀਲਦਾਰ ਜਲੰਧਰ-1 ਵੱਲੋਂ 431 ਇੰਤਕਾਲ ਦੇ ਕੇਸਾਂ ਵਿੱਚੋਂ 406 ਦਾ ਨਿਪਟਾਰਾ ਕੀਤਾ ਗਿਆ। ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਆਦਮਪੁਰ ਵੱਲੋਂ 17, ਤਹਿਸੀਲਦਾਰ ਜਲੰਧਰ-2 ਵੱਲੋਂ 75, ਨਾਇਬ ਤਹਿਸੀਲਦਾਰ ਜਲੰਧਰ-2 ਵੱਲੋਂ 217, ਨਾਇਬ ਤਹਿਸੀਲਦਾਰ ਭੋਗਪੁਰ ਵੱਲੋਂ 35, ਨਾਇਬ ਤਹਿਸੀਲਦਾਰ ਕਰਤਾਰਪੁਰ ਵੱਲੋਂ 20, ਤਹਿਸੀਲਦਾਰ ਨਕੋਦਰ ਵੱਲੋਂ 40, ਨਾਇਬ ਤਹਿਸੀਲਦਾਰ ਨਕੋਦਰ ਵੱਲੋਂ ਇੰਤਕਾਲ ਦੇ 9 ਕੇਸਾਂ ਦਾ ਨਿਬੇੜਾ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਮਹਿਤਪੁਰ ਵੱਲੋਂ 31 ਅਤੇ ਤਹਿਸੀਲਦਾਰ ਫਿਲੌਰ ਵੱਲੋਂ 35 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਕ੍ਰਮਵਾਰ 7 ਤੇ 2 ਇੰਤਕਾਲ ਬਕਾਇਆ ਹਨ। ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਫਿਲੌਰ ਵੱਲੋਂ 46, ਨਾਇਬ ਤਹਿਸੀਲਦਾਰ ਨੂਰਮਹਿਲ ਵੱਲੋਂ 79, ਨਾਇਬ ਤਹਿਸੀਲਦਾਰ ਗੁਰਾਇਆ ਵੱਲੋਂ 7, ਨਾਇਬ ਤਹਿਸੀਲਦਾਰ ਲੋਹੀਆਂ ਵੱਲੋਂ 77, ਨਾਇਬ ਤਹਿਸੀਲਦਾਰ ਸ਼ਾਹਕੋਟ ਵੱਲੋਂ 5 ਅਤੇ ਤਹਿਸੀਲਦਾਰ ਸ਼ਾਹਕੋਟ ਵੱਲੋਂ 60 ਇੰਤਕਾਲਾਂ ਦਾ ਮੌਕੇ 'ਤੇ ਫੈਸਲਾ ਕੀਤਾ ਗਿਆ ਅਤੇ ਰਹਿੰਦੇ 21 ਕੇਸ ਵੀ ਜਲਦ ਨਿਬੇੜਨ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਿਰਵਿਘਨ ਅਤੇ ਸਮਾਂਬੱਧ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦਹੁਰਾਉਂਦਿਆਂ ਜਸਪ੍ਰੀਤ ਸਿੰਘ ਨੇ ਕਿਹਾ ਕਿ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇੰਤਕਾਲਾਂ ਸਬੰਧੀ ਸਮੁੱਚੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੇ ਇੰਤਕਾਲ ਰਜਿਸਟਰ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ । ਉਨ੍ਹਾਂ ਕਿਹਾ ਕਿ ਐਨ.ਡੀ.ਜੀ.ਆਰ.ਐਸ. ਪ੍ਰਣਾਲੀ ਦੇ ਏਕੀਕਰਣ ਤੋਂ ਬਾਅਦ ਹੁਣ ਜਾਇਦਾਦ ਦੀ ਰਜਿਸਟਰੀ ਹੋਣ ਤੋਂ ਬਾਅਦ 45 ਦਿਨਾਂ ਦੇ ਅੰਦਰ ਇੰਤਕਾਲ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 45 ਦਿਨਾਂ ਦੀ ਸਮਾਂ ਸੀਮਾ ਤੋਂ ਬਾਅਦ ਕੋਈ ਵੀ ਇੰਤਕਾਲ ਲੰਬਿਤ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲਮੱਠ ਜਾਂ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।