-ਲਗਜ਼ਰੀ ਬੱਸ ਦਾ ਕਿਰਾਇਆ 1240 ਰੁਪਏ, ਬੱਸ ਅੱਡਾ ਹੁਸ਼ਿਆਰਪੁਰ ਤੋਂ ਰਵਾਨਾ ਹੋਣ ਦਾ ਸਮਾਂ 6:40 ਵਜੇ ਸਵੇਰੇ

ਹੁਸ਼ਿਆਰਪੁਰ, 10 ਜੂਨ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਜੋ ਲਗਜ਼ਰੀ ਸਰਕਾਰੀ ਬੱਸਾਂ ਰਾਹੀਂ ਘੱਟ ਕਿਰਾਏ ਵਿਚ ਦਿੱਲੀ ਏਅਰਪੋਰਟ ਲਿਜਾਣ ਦੀ ਸਹੂਲਤ ਦਿੱਤੀ ਗਈ ਹੈ, ਉਸ ਪਹਿਲਕਦਮੀ ਦੀ ਜਿਥੇ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ, ਉਥੇ ਹੁਸ਼ਿਆਰਪੁਰ ਵਾਸੀਆਂ ਲਈ ਵੀ ਖੁਸ਼ਖ਼ਬਰੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਤੋਂ ਇਹ ਸਰਵਿਸ ਜਲਦੀ ਸ਼ੁਰੂ ਹੋ ਰਹੀ ਹੈ। ਘਰ ਬੈਠੇ ਹੀ ਆਨਲਾਈਨ ਬੁਕਿੰਗ ਅਤੇ ਘੱਟ ਕਿਰਾਏ ਵਿਚ ਏ.ਸੀ ਦੀ ਸਹੂਲਤ ਮਿਲਣ ਨਾਲ ਜ਼ਿਲ੍ਹਾ ਵਾਸੀ ਵੀ ਕਾਫ਼ੀ ਖੁਸ਼ ਹਨ।
ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਸ੍ਰੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਦਿੱਲੀ ਏਅਰਪੋਰਟ ਲਈ ਏ.ਸੀ. ਵੋਲਵੋ ਪਨਬੱਸ ਦੀ ਸਰਵਿਸ ਜਲਦੀ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 43 ਸੀਟਾਂ ਵਾਲੀ ਇਸ ਬੱਸ ਲਈ ਆਨਲਾਈਨ ਬੁਕਿੰਗ ਕਰਵਾਈ ਜਾ ਸਕਦੀ ਹੈ ਅਤੇ ਇਸ ਦਾ ਕਿਰਾਇਆ 1240 ਰੁਪਏ ਹੈ। ਉਨ੍ਹਾਂ ਦੱਸਿਆ ਕਿ travelyaari.com
’ਤੇ ਬੁਕਿੰਗ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸਾਂ ਦਾ 2500 ਰੁਪਏ ਕਿਰਾਇਆ ਹੈ, ਜਦਕਿ ਇਸ ਸਰਕਾਰੀ ਲਗਜ਼ਰੀ ਬੱਸ ਦਾ ਕਿਰਾਇਆ ਅੱਧਾ ਹੈ। ਉਨ੍ਹਾਂ ਦੱਸਿਆ ਕਿ ਲਗਜ਼ਰੀ ਸਹੂਲਤਾਂ ਤੋਂ ਇਲਾਵਾ ਘਰ ਬੈਠੇ ਹੀ ਆਨਲਾਈਨ ਬੁਕਿੰਗ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਸ ਵਿਚ ਏ.ਸੀ. ਦੀ ਸੁਵਿਧਾ ਤੋਂ ਇਲਾਵਾ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀ ਲਗਜ਼ਰੀ ਵੋਲਵੋ ਪਨਬੱਸ ਹੁਸ਼ਿਆਰਪੁਰ ਬੱਸ ਅੱਡੇ ਤੋਂ ਰੋਜ਼ ਸਵੇਰੇ 6:40 ਵਜੇ ਰਵਾਨਾ ਹੋਵੇਗੀ ਅਤੇ ਗੜ੍ਹਸ਼ੰਕਰ, ਨਵਾਂਸ਼ਹਿਰ, ਬਲਾਚੌਰ, ਚੰਡੀਗੜ੍ਹ ਸੈਕਟਰ-17 ਤੋਂ ਹੁੰਦੀ ਹੋਈ ਦਿੱਲੀ ਏਅਰਪੋਰਟ ਪਹੁੰਚੇਗੀ।