ਹੁਸ਼ਿਆਰਪੁਰ, 20 ਅਪ੍ਰੈਲ: ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਸੈਂਚਰੀ ਪਲਾਈਵੁੱਡ ਤੇ ਰੈਡ ਕਰਾਸ ਦਫ਼ਤਰ ਹੁਸ਼ਿਆਰਪੁਰ ਵਿਖੇ ਵੱਖ-ਵੱਖ ਆਸਾਮੀਆਂ ਲਈ ਭਰਤੀ ਕਰਵਾਈ ਗਈ। ਸੈਂਚਰੀ ਪਲਾਈਵੁਡ ਵਿਚ ਡਿਪਲੋਮਾ ਤੇ ਬੀ.ਟੈਕ ਮਕੈਨੀਕਲ ਪਾਸ ਨੌਜਵਾਨਾਂ ਨੂੰ ਬਤੌਰ ਟਰੇਨੀ ਇੰਜੀਨੀਅਰ 1,80,000 ਰੁਪਏ ਸਲਾਨਾ ਪੈਕੇਜ ’ਤੇ ਭਰਤੀ ਕਰਨ ਲਈ ਅਤੇ ਰੈਡ ਕਰਾਸ ਦਫ਼ਤਰ ਹੁਸ਼ਿਆਰਪੁਰ ਵਿਚ ਐਡਮਿਨ-ਕਮ-ਕੋਆਰਡੀਨੇਟਰ, ਅਕਾਊਂਟੈਂਟ ਤੇ ਮਲਟੀਟਾਸਕਿੰਗ ਸਟਾਫ ਦੀ ਭਰਤੀ ਲਈ ਇੰਟਰਵਿਊ ਕਰਵਾਈ ਗਈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਗੁਰਮੇਲ ਸਿੰਘ ਤੇ ਪਲੇਸਮੈਂਟ ਅਫ਼ਸਰ ਸ੍ਰੀ ਮੰਗੇਸ਼ ਸੂਦ ਨੇ ਦੱਸਿਆ ਕਿ ਹੁਣ ਇਸ ਪ੍ਰਕਾਰ ਦੀਆਂ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਬਣਾਈ ਗਈ ਰੋਜ਼ਗਾਰ ਮੋਬਾਇਲ ਐਪ ‘ਡੀ.ਬੀ.ਈ.ਈ. ਆਨਲਾਈਨ’ ਰਾਹੀਂ ਕਰਵਾਈ ਜਾ ਰਹੀ ਹੈ। ਇਸ ਲਈ ਹਰ ਨੌਜਵਾਨ ਰੋਜ਼ਗਾਰ ਹਾਸਲ ਕਰਨ ਲਈ ਆਪਣੇ ਮੋਬਾਇਲ ਦੇ ਗੂਗਲ ਪਲੇਅ ਸਟੋਰ ਵਿਚ ਜਾ ਕੇ ‘ਡੀ.ਬੀ.ਈ.ਈ. ਆਨਲਾਈਨ’ ਰੋਜ਼ਗਾਰ ਮੋਬਾਇਲ ਐਪ ਨੂੰ ਡਾਊਨਲੋਡ ਕਰਨ ਅਤੇ ਭਵਿੱਖ ਵਿਚ ਆਉਣ ਵਾਲੀਆਂ ਨੌਕਰੀਆਂ ਦੀ ਜਾਣਕਾਰੀ ਹਾਸਲ ਕਰਕੇ ਰੋਜ਼ਗਾਰ ਪ੍ਰਾਪਤ ਕਰਨ।