ਰਾਜ ਦੇ ਪਹਿਲੇ ਆਯੂਰਵੈਦਿਕ ਨਸ਼ਾ ਛੁਡਾਓ ਕੇਂਦਰ ਦਾ ਕੀਤਾ ਉਦਘਾਟਨ

ਸਾਰੇ ਸਰਕਾਰੀ ਹਸਪਤਾਲਾਂ ਨੂੰ ਕੀਤਾ ਜਾ ਰਿਹਾ ਹੈ ਆਧੂਨਿਕ ਸੁਵਿਧਾਵਾਂ ਨਾਲ ਲੈਸ

ਅੰਮ੍ਰਿਤਸਰ 25 ਦਸੰਬਰ:---ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਵੱਚਨਬੱਧ ਹੈ ਅਤੇ ਸੂਬੇ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਆਧੂਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਵੇਰਕਾ ਵਿਖੇ ਰਾਜ ਦੇ ਪਹਿਲੇ ਆਯੂਰਵੈਦਿਕ ਨਸ਼ਾਂ ਛੁਡਾਓ ਕੇਂਦਰ ਦਾ ਉਦਘਾਟਨ ਕਰਨ ਸਮੇ ਕੀਤਾ।
ਸ਼੍ਰੀ ਸੋਨੀ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿਖੇ ਖੁੱਲੇ ਸਰਕਾਰੀ ਆਯੂਰਵੈਦਿਕ ਯੋਗ ਅਤੇ ਨਸ਼ਾ ਛੁਡਾਊ ਕਂੇਦਰ ਪੰਜਾਬ ਦਾ ਪਹਿਲਾ ਆਯੂਰਵੈਦਿਕ ਨਸ਼ਾ ਛੁਡਾਊ ਕੇਂਦਰ ਹੈ ਅਤੇ ਇਹ ਸਰਕਾਰ ਦਾ ਇੱਕ ਬੜਾ ਹੀ ਵਧੀਆ ਕਦਮ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਭੈੜੀ ਲੱਤ ਤੋਂ ਬਚਾਇਆ ਜਾ ਸਕੇਗਾ । ਉਨ੍ਹਾਂ ਕਿਹਾ ਕਿ ਆਯੂਰਵੇਦ ਭਾਰਤ ਦੀ ਇੱਕ ਬਹੁਤ ਪੁਰਾਣੀ ਇਲਾਜ ਪ੍ਰਣਾਲੀ ਹੈ ਜਿਸ ਨੂੰ ਅਪਨਾ ਕੇ ਅਸੀਂ ਸ਼ਰੀਰਿਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਨਿਰੋਗੀ ਰਹਿ ਸਕਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਆਯੂਰਵੈਦਿਕ ਇਲਾਜ ਪ੍ਰਣਾਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਚਨਬੱਧ ਹੈ ।ਸ਼੍ਰੀ ਸੋਨੀ ਨੇ ਦੱਸਿਆ ਕਿ ਸੂਬੇ ਭਰ ਵਿਚ ਹੋਰ ਵੀ ਆਯੂਰਵੈਦਿਕ ਨਸ਼ਾਂ ਛੁਡਾਓ ਕੇਂਦਰ ਖੋਲੇ੍ਹ ਜਾਣਗੇ ਅਤੇ ਆਯੂਰਵੈਦਿਕ ਦਵਾਈਆਂ ਅਤੇ ਯੋਗਾ ਰਾਹੀ ਨਸ਼ੇ ਤੋ ਪੀੜਤ ਵਿਅਕਤੀਆਂ ਦਾ ਇਲਾਜ ਕੀਤਾ ਜਾਵੇਗਾ। ਸ਼੍ਰੀ ਸੋਨੀ ਨੇ ਦੱਸਿਆ ਕਿ ਆਯੂਰਵੈਦਿਕ ਦਵਾਈਆਂ ਦਾ ਕੋਈ ਮਾੜਾ ਪ੍ਰਭਾਵ ਵੀ ਨਹੀ ਪੈਦਾ ਅਤੇ ਨੋਜਵਾਨਾਂ ਨੂੰ ਨਸ਼ੇ ਦੀ ਇਸ ਦਲਦਲ ਵਿਚ ਬਾਹਰ ਕੱਢਿਆ ਜਾਵੇਗਾ।
ਸ਼੍ਰੀ ਸੋਨੀ ਨੇ ਦੱਸਿਆ ਕਿ ਜ਼ਿਲਾ੍ਹ ਅੰਮ੍ਰਿਤਸਰ ਦੇ ਵੱਖ ਵੱਖ ਪਿੰਡਾਂ ਵਿਚ 24 ਆਯੂਰਵੈਦਿਕ /ਯੂਨਾਨੀ ਡਿਸਪੈਸਰੀਆਂ ਚੱਲ ਰਹੀਆਂ ਹਨ,ਜਿਸ ਵਿਚ ਪਿੰਡ ਵਾਸੀਆਂ ਨੂੰ ਆਯੂਰਵੈਦਿਕ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਸਿਵਲ ਹਸਪਤਾਲ ਵਿਖੇ ਵੀ ਇਕ ਆਯੂਰਵੈਦ ਸਵਾਸਥ ਕੇਂਦਰ,ਇਕ ਆਈ ਐਸ ਐਮ ਵਿੰਗ,ਇਕ ਯੋਗ ਅਤੇ ਧਿਆਨ ਕੇਂਦਰ ਅਤੇ ਵੇਰਕਾ ਵਿਖੇ ਇਕ 50 ਬਿਸਤਰਿਆਂ ਵਾਲਾ ਆਯੂਰਵੈਦਿਕ ਹਸਪਤਾਲ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਵੇਰਕਾ ਵਿਖੇ ਵੀ ਡੀ-ਐਡੀਕਸ਼ਨ ਸੈਂਟਰ ਖੁਲ ਜਾਣ ਨਾਲ ਜ਼ਿਲੇ੍ਹ ਦੇ ਨਸ਼ੇ ਨਾਲ ਪੀੜਤ ਮਰੀਜਾਂ ਨੂੰ ਲਾਭ ਮਿਲੇਗਾ ਕਿੳਕਿ ਹੁਣ ਨਸ਼ੇ ਤੋ ਪੀੜਤ ਵਿਅਕਤੀਆਂ ਦਾ ਇਲਾਜ ਆਯੂਵੈਦਿਕ ਢੰਗ ਅਤੇ ਯੋਗ ਦੀਆਂ ਵਿਧੀਆਂ ਰਾਹੀ ਕੀਤਾ ਜਾਵੇਗਾ,ਜਿਸ ਨਾਲ ਰੋਗੀ ਸ਼ਰੀਰਿਕ ਅਤੇ ਮਾਨਸਿਕ ਪੱਖੋ ਬਿਨ੍ਹਾਂ ਕਿਸੇ ਮਾੜੇ ਪ੍ਰਭਾਵ ਦੇ ਨਾਲ ਠੀਕ ਹੋ ਸਕਣਗੇ।
ਸ਼੍ਰੀ ਸੋਨੀ ਨੇ ਦੱਸਿਆ ਕਿ ਪਿਛਲਾ ਕਾਫੀ ਸਮਾਂ ਕੋਵਿਡ-19 ਵਰਗੀ ਮਹਾਂਮਾਰੀ ਵਾਲਾ ਰਿਹਾ ਹੈ ਪਰ ਸਾਡੇ ਡਾਕਟਰਾਂ ਨੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਅੰਜ਼ਾਮ ਦਿੱਤਾ ਹੈ ਅਤੇ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਹੈ। ਸ਼੍ਰੀ ਸੋਨੀ ਨੇ ਇਸ ਮੌਕੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਸਨਮਾਨਤ ਵੀ ਕੀਤਾ।
ਇਸ ਮੌਕੇ ਬੋਲਦਿਆਂ ਜ਼ਿਲਾ੍ਹ ਆਯੂਰਵੈਦਿਕ ਅਫਸਰ ਡਾ: ਰਣਬੀਰ ਸਿੰਘ ਕੰਗ ਨੇ ਦੱਸਿਆ ਕਿ ਵੇਰਕਾ ਹਸਪਤਾਲ ਵਿਖੇ ਪੰਚਕਰਮਾ ਦੀ ਸੁਵਿਧਾ ਵੀ ਉਪਲਭਦ ਹੈ ਅਤੇ ਇਸ ਵਿਧੀ ਰਾਹੀ ਵੀ ਅਨੇਕਾਂ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਊੁਨਾਂ ਕਿਹਾ ਕਿ ਵੇਰਕਾ ਵਿਖੇ ਨਸ਼ਾ ਛੁਡਾਓ ਕੇਦਰ ਦੇ ਖੁਲਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ ਅਤੇ ਨਸ਼ੇ ਤੋ ਪੀੜਤ ਵਿਅਕਤੀਆਂ ਦਾ ਇਲਾਜ ਹੁਣ ਇਸ ਹਸਪਤਾਲ ਵਿਖੇ ਹੀ ਹੋ ਸਕੇਗਾ। ਇਸ ਮੌਕੇ ਆਯੂਰਵੈਦਾ ਪੰਜਾਬ ਦੀ ਡਾਇਰੈਕਟਰ ਡਾ: ਪੂਨਮ ਵਸ਼ਿਸਟ ਨੇ ਸਰਕਾਰ ਵਲੋ ਆਯੂਰਵੈਦਿਕ ਇਲਾਜ ਪ੍ਰਣਾਲੀ ਦ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਲਈ ਸ਼੍ਰੀ ਸੋਨੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਆਯੂਰਵੈਦ ਵਿਭਾਗ ਪੂਰੀ ਲਗਨ ਨਾਲ ਆਯੂਰਵੈਦਿਕ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਮਰੀਜਾਂ ਦਾ ਇਲਾਜ ਕਰੇਗਾ ।
ਇਸ ਮੌਕੇ ਵਿਧਾਇਕ ਹਲਕਾ ਪੱਟੀ ਸ: ਹਰਮਿੰਦਰ ਸਿੰਘ ਗਿੱਲ, ਚੇਅਰਮੈਨ ਪਨਸੀਡ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ , ਸਿਵਲ ਸਰਜਨ ਡਾ: ਚਰਨਜੀਤ ਸਿੰਘ , ਡਿਪਟੀ ਡਾਇਰੈਕਟਰ ਆਯੂਰਵੈਦਾ ਡਾ. ਸ਼ਸ਼ੀ ਭੂਸ਼ਣ, ਡਾ. ਦਿਨੇਸ਼ ਕੁਮਾਰ ਸੀਨੀਅਰ ਆਯੂਰਵੈਦਿਕ ਫੀਜੀਸ਼ੀਅਨ, ਡਾ. ਰਮਨਜੀਤ ਕੌਰ ਰੰਧਾਵਾ, ਡਾ. ਸੰਦੀਪ ਸ਼੍ਰੀਧਰ, ਡਾ. ਸੁਰਿੰਦਰਜੀਤ ਸਿੰਘ ਵਾਲੀਆ ਅਤੇ ਹੋਰ ਵਿਭਾਗ ਦੇ ਆਯੂਰਵੈਦਿਕ ਮੈਡੀਕਲ ਅਫਸਰ, ਆਯੂਰਵੈਦਿਕ ਦਵਾਈਆਂ ਦੇ ਨਿਰਮਾਤਾ, ਸ਼ਹਿਰ ਦੇ ਉੱਘੀਆਂ ਸ਼ਖ਼ਸੀਅਤਾਂ, ਉਪਵੈਦ, ਟਰੇਂਡ ਦਾਈਆਂ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ ।