13 ਕਰੋੜ ਰੁਪਏ ਨਾਲ ਲੋਕਾਂ ਦੇ ਘਰਾਂ ਉਪਰ ਨਿਕਲਣ ਵਾਲੀਆਂ ਬਿਜਲੀ ਦੀਆਂ ਤਾਰਾਂ ਨੂੰ ਜਾਵੇਗਾ ਹਟਾਇਆ

ਅੰਮ੍ਰਿਤਸਰ 24 ਨਵੰਬਰ:-----ਜ਼ਿਲੇ ਵਿਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਮਨਸ਼ੇ ਤਹਿਤ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਲੈਣ ਲਈ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੋਰਾਨ ਸ: ਖਹਿਰਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਗੋਲਡਨ ਗੇਟ ਤੋ ਹੁਸੈਨਪੁਰਾ ਚੌਕ ਦੇ 2.5 ਕਿਲੋਮੀਟਰ ਖੇਤਰ ਤੱਕ ਪਹਿਲਾਂ ਬੀ ਆਰ ਟੀ ਐਸ ਦੀਆਂ ਟੁੱਟੀਆਂ ਹੋਈਆਂ ਗਰਿਲਾਂ, ਸਾਫ ਸਫਾਈ,ਰੰਗ ਰੋਗਨ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਰਸਤੇ ਵਿਚ ਕੋਈ ਵੀ ਰੇਤਾਂ ਦੀਆਂ ਟਰਾਲੀਆਂ ਖੜੀ੍ਹਆਂ ਨਾ ਹੋਣ ਦਿੱਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਥੇ ਰੇਤਾਂ ਦੀਆਂ ਟਰਾਲੀਆਂ ਲੱਗਦੀਆਂ ਹਨ,ਉਹ ਸਥਾਨ ਟਰੱਸਟ ਦਾ ਹੈ ਅਤੇ ਤੁਰੰਤ ਇਸ ਸਥਾਨ ਦੀ ਚਾਰਦੀਵਾਰੀ ਕੀਤੀ ਜਾਵੇ ਤਾਂ ਜੋ ਇਥੇ ਟਰਾਲੀਆਂ ਨਾ ਲੱਗ ਸਕਣ। ਸ: ਖਹਿਰਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਸ਼ਹਿਰ ਦੀ ਚਾਰਦੀਵਾਰੀ ਦੇ ਸਾਰੇ ਗੇਟਾਂ ਦੇ ਬਾਹਰਵਰ 7.5 ਕਿਲੋਮੀਟਰ ਦੇ ਖੇਤਰ ਦੀਆਂ ਸਾਰੀਆਂ ਬਿਜਲੀ ਦੀਆਂ ਤਾਰਾਂ ਸਮਰਾਟ ਸਿਟੀ ਪ੍ਰਜੈਕਟ ਤਹਿਤ ਅੰਡਰਗਰਾਉਡ ਕੀਤੀਆਂ ਜਾਣੀਆਂ ਹਨ ਦੇ ਕੰਮ ਵਿਚ ਵੀ ਤੇਜ਼ੀ ਲਿਆਂਦੀ ਜਾਵੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋ 13 ਕਰੋੜ ਰੁਪਏ ਦੀ ਲਾਗਤ ਨਾਲ ਜਿੰਨ੍ਹਾਂ ਘਰਾਂ ਦੇ ਉਪਰੋ ਬਿਜਲੀ ਦੀਆਂ ਤਾਰਾਂ ਨਿਕਲਦੀਆਂ ਸਨ ਨੂੰ ਤੁਰੰਤ ਹਟਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਲੋ 332 ਪਿੰਡਾਂ ਦੇ ਲੋਕਾਂ ਨੂੰ ਆਰਸੈਨਿਕ ਰਹਿਤ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਾਟਰ ਪਿਊਰੀਫਾਇਰ ਦਿੱਤੇ ਗਏ ਹਨ ਅਤੇ ਪੇਂਡੂ ਖੇਤਰ ਵਿਚ ਵੀ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਇਪਾਂ ਵੀ ਪਾਈਆਂ ਜਾ ਰਹੀਆਂ ਹਨ। ਸ: ਖਹਿਰਾ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਲੋ ਹੀ 10 ਕਰੋੜ ਰੁਪਏ ਦੀ ਲਾਗਤ ਨਾਲ ਜੋੜਾ ਫਾਟਕ ਵਿਖੇ ਪਾਣੀ ਦੀ ਟੈਸਟਿੰਗ ਲਈ ਲੈਬ ਸਥਾਪਤ ਕੀਤੀ ਗਈ ਹੈ,ਜਿਥੇ ਕੋਈ ਵੀ ਵਿਅਕਤੀ ਮੁਫਤ ਵਿਚ ਪਾਣੀ ਦੀ ਟੈਸਟਿੰਗ ਕਰਵਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦੇ ਕਿਹਾ ਕਿ ਉਹ ਦੋ ਦਿਨਾਂ ਦੇ ਅੰਦਰ ਅੰਦਰ ਸਬੰਧਤ ਵਿਭਾਗਾਂ ਵਲੋ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਮੁੱਧਲ, ਐਸ:ਡੀ:ਐਮ ਸ੍ਰੀ ਟੀ :ਬੈਨਿਥ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰ ਗੁਰਪ੍ਰੀਤ ਸਿੰਘ ਗਿੱਲ, ਐਸ:ਈ ਜਲ ਸਪਲਾਈ ਐਸ:ਕੇ:ਸ਼ਰਮਾ, ਐਕਸੀਅਨ ਪੁਨੀਤ ਭਸੀਨ, ਐਕਸੀਅਨ ਨਗਰ ਨਿਗਮ ਸ੍ਰ ਸੰਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।