- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

 - ਕਿਹਾ,  6, 7, 20 ਅਤੇ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੀ.ਐਲ.ਓਜ਼ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਹਾਜ਼ਰ ਹੋ ਕੇ ਲੋਕਾਂ ਤੋਂ ਦਾਅਵੇ ਅਤੇ ਇਤਰਾਜ਼ ਕਰਨਗੇ ਪ੍ਰਾਪਤ

 - ਨਾਗਰਿਕ ਵਲੋਂ www. nvsp.in ਵੈਬਸਾਈਟ 'ਤੇ ਕਰਵਾਈ ਜਾ ਸਕਦੀ ਹੈ ਆਪਣੀ ਵੋਟਰ ਰਜਿਸਟ੍ਰੇਸ਼ਨ

 ਹੁਸ਼ਿਆਰਪੁਰ, 01 ਨਵੰਬਰ:-ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ 'ਤੇ ਯੋਗਤਾ ਮਿਤੀ 01 ਜਨਵਰੀ 2022 ਦੇ ਆਧਾਰ 'ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ 1 ਨਵੰਬਰ 2021 ਤੋਂ 30 ਨਵੰਬਰ ਤੱਕ ਕੀਤਾ ਜਾ ਰਿਹਾ ਹੈ। ਉਹ ਅੱਜ ਆਪਣੇ ਦਫ਼ਤਰ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
 ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਦੀ ਉਮਰ 1 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਅਤੇ ਉਸਦੀ ਵੋਟ ਅਜੇ ਤੱਕ ਨਹੀਂ ਬਣ ਪਾਈ ਹੈ ਜਾਂ ਕਿਸੇ ਵੋਟਰ ਨੇ ਆਪਣੀ ਵੋਟ ਕੱਟੀ ਜਾਂ ਦਰੁਸਤ ਕਰਵਾਉਣੀ ਹੈ ਤਾਂ ਉਹ ਇਸ ਆਪਣੇ ਚੋਣ ਇਲਾਕੇ ਦੇ ਚੋਣ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ, ਜ਼ਿਲ੍ਹਾ ਚੋਣ ਦਫਤਰ, ਆਪਣੇ ਬੂਥ ਲੈਵਲ ਅਫ਼ਸਰ ਜਾਂ ਆਨਲਾਈਨ ਤਰੀਕੇ ਨਾਲ www.nvsp.in ਪੋਰਟਲ 'ਤੇ ਆਪਣੇ ਦਾਵੇ/ਇਤਰਾਜ਼ ਦਰਜ਼ ਕਰਵਾ ਸਕਦੇ ਹਨ। 
ਉਨ੍ਹਾਂ ਦੱਸਿਆ ਕਿ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰਬਰ 6, ਵੋਟਾਂ ਕਟਵਾਉਣ ਲਈ ਫਾਰਮ ਨੰ: 7, ਵੋਟਾਂ ਦੀ ਸੁਧਾਈ ਲਈ ਫਾਰਮ ਨੰ: 8 ਅਤੇ ਵਿਧਾਨ ਸਭਾ ਹਲਕੇ ਅੰਦਰ ਵੋਟਾਂ ਬਦਲਣ ਲਈ ਫਾਰਮ ਨੰ: 8 ਓ ਭਰਿਆ ਜਾ ਸਕਦਾ ਹੈ।
 ਸੰਦੀਪ ਸਿੰਘ ਨੇ ਦੱਸਿਆ ਕਿ 6, 7, 20 ਅਤੇ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੂਥ ਲੈਵਲ ਅਫ਼ਸਰ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਹਾਜ਼ਰ ਰਹਿਣਗੇ ਅਤੇ ਆਮ ਲੋਕਾਂ ਤੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ।  ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।  ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਪੋਲਿੰਗ ਬੂਥਾਂ 'ਤੇ ਬੂਥ ਲੈਵਲ ਅਫ਼ਸਰਾਂ ਦੀ ਮਦਦ ਲਈ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਜਾਣ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਨੌਜਵਾਨਾਂ, ਪੀ.ਡਬਲਿਊ., ਡੀ., ਥਰਡ ਜੈਂਡਰ ਦੇ ਵਿਅਕਤੀਆਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਰੈਸ਼ਨੇਲਾਈਜੇਸ਼ਨ ਤੋਂ ਬਾਅਦ 41 ਨਵੇਂ ਬੂਥ ਬਣਨ ਨਾਲ ਬੂਥਾਂ ਦੀ ਗਿਣਤੀ 1563 ਹੋ ਗਈ ਹੈ।  ਇਸ ਮੌਕੇ ਤਹਿਸੀਲਦਾਰ ਚੋਣ ਹਰਮਿੰਦਰ ਸਿੰਘ, ਕਾਨੂੰਗੋ ਦੀਪਕ ਕੁਮਾਰ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।