ਕੋਵਿਡ-19 ਮਹਾਮਾਰੀ ਕਾਰਨ ਹੋਣ ’ਤੇ ਸਰਕਾਰ ਵਲੋਂ ਮਿਲੇਗੀ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆ ਸਹਾਇਤਾ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 15 ਨਵੰਬਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਵਿਚ ਕੋਵਿਡ-19 ਕਾਰਨ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਸਰਕਾਰ ਵਲੋਂ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆ ਸਹਾਇਤਾ ਦਿੱਤੀ ਜਾਵੇਗੀ। ਉਹ ਇਸ ਸਬੰਧੀ ਬਣਾਈ ਗਈ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਤੇ ਨਗਰ ਨਿਗਮ ਕਮਿਸ਼ਨਰ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਰੀਫਾਈਡ ਕੇਸਾਂ ਨੂੰ ਜ਼ਿਲ੍ਹਾ ਡਿਜਾਸਟਰ ਮੈਨੇਜਮੈਂਟ ਕਮੇਟੀ ਤੋਂ ਪਾਸ ਕਰਵਾਉਣ ਤੋਂ ਬਾਅਦ ਐਕਸ ਗਰੇਸ਼ੀਆ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਮੇਟੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਅਰਜ਼ੀਆਂ ਦਾ ਨਿਪਟਾਰਾ ਸਰਕਾਰ ਦੀ ਹਦਾਇਤ ਅਨੁਸਾਰ 30 ਦਿਨਾਂ ਅੰਦਰ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਮ੍ਰਿਤਕਾਂ ਦੇ ਕਾਨੂੰਨੀ ਵਾਰਸ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ https://hoshiarpur.nic.in ’ਤੇ ਜਾ ਕੇ ਫਾਰਮ ਡਾਊਨਲੋਡ ਕਰ ਸਕਦੇ ਹਨ ਅਤੇ ਆਪਣੇ ਫਾਰਮ ਭਰਨ ਤੋਂ ਬਾਅਦ ਜ਼ਰੂਰੀ ਦਸਤਾਵੇਜ਼ ਨਾਲ ਲਗਾ ਕੇ ਆਪਣੇ ਸਬੰਧਤ ਐਸ.ਡੀ.ਐਮ. ਕੋਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਵਾਲੇ ਆਤਮ ਹੱਤਿਆ, ਦੁਰਘਟਨਾ ਨਾਲ ਹੋਈ ਮੌਤ ਵਾਲੇ ਮਾਮਲਿਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅੰਕੜਿਆਂ ਦੇ ਹਿਸਾਬ ਨਾਲ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ-19 ਕਾਰਨ 987 ਮੌਤਾਂ ਹੋਈਆਂ ਹਨ ਅਤੇ ਇਨ੍ਹਾਂ ਦੀ ਸੂਚਨਾ ਸਰਕਾਰ ਨੂੰ ਭੇਜ ਕੇ ਫੰਡਾਂ ਦੀ ਮੰਗ ਕਰ ਲਈ ਗਈ ਹੈ।
ਅਪਨੀਤ ਰਿਆਤ ਨੇ ਇਸ ਮੌਕੇ ’ਤੇ ਕਮੇਟੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਵਿਡ-19 ਕਾਰਨ ਮੌਤ ਸਬੰਧੀ ਮੌਤ ਸਰਟੀਫਿਕੇਟ ਮੈਡੀਕਲ ਸਰਟੀਫਿਕੇਟ ਆਫ਼ ਕਾਜ਼ ਆਫ਼ ਡੈਥ (ਐਮ.ਸੀ.ਸੀ.ਡੀ.) ਪੇਸ਼ ਕੀਤੇ ਜਾਣ, ਤਾਂ ਜੋ ਇਨ੍ਹਾਂ ਪਰਿਵਾਰਾਂ ਨੂੰ ਐਕਸ ਗਰੇਸ਼ੀਆਂ ਗਰਾਂਟ ਦਿੱਤੀ ਜਾ ਸਕੇ। ਕਮੇਟੀ ਵਲੋਂ ਦੱਸਿਆ ਗਿਆ ਕਿ ਜਿਨ੍ਹਾਂ ਕੇਸਾਂ ਵਿਚ ਮੌਤ ਸਰਟੀਫਿਕੇਟ (ਐਮ.ਸੀ.ਸੀ.ਡੀ.) ਜਾਰੀ ਨਹੀਂ ਹੋਇਆ, ਉਹ ਪਰਿਵਾਰ ਸਰਟੀਫਿਕੇਟ ਜਾਰੀ ਕਰਵਾਉਣ ਲਈ ਆਪਣੇ ਸਬੰਧਤ ਐਸ.ਐਮ.ਓ. ਕੋਲ ਸਬੰਧਤ ਦਸਤਾਵੇਜਾਂ ਨਾਲ ਅਰਜ਼ੀ ਦੇ ਸਕਦੇ ਹਨ।
ਮੀਟਿੰਗ ਵਿਚ ਕਮੇਟੀ ਜ਼ਿਲ੍ਹਾ ਮਾਲ ਅਫ਼ਸਰ ਅਮਨਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਐਸ.ਐਮ.ਓ. ਡਾ. ਜਸਵਿੰਦਰ ਸਿੰਘ, ਡਾ. ਗੁੰਜਨ ਵੀ ਮੌਜੂਦ ਸਨ।