ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਤਿੰਨ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ।

ਮੇਲਾ ਅਤੇ ਬੋਲੀ

ਇਸ ਮੇਲੇ ਦੀ ਪ੍ਰਸਿੱਧੀ ਲੋਕ ਮਾਨਸਿਕਤਾ ਵਿੱਚ ਘਰ ਕਰ ਚੁੱਕੀ ਹੈ। ਇਸ ਦਾ ਜ਼ਿਕਰ ਲੋਕ-ਬੋਲੀਆਂ ਵਿੱਚ ਹੋਇਆ ਵੇਖਿਆ ਜਾ ਸਕਦਾ ਹੈ। ਆਮ ਪ੍ਰਚਲਤ ਬੋਲੀ ਹੈ:

ਆਰੀ ਆਰੀ ਆਰੀ,
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ

ਫੋਟੋ ਗੈਲਰੀ

ਮੇਲੇ ਦਾ ਮਹਾਤਵ ਜਾਂ ਮੰਨਤਾ

ਛਪਾਰ ਦਾ ਮੇਲਾ ਇਸ ਖਾਸ ਖਿੱਤੇ ਦੇ ਲੋਕਾਂ ਦਾ ਹੀ ਮੇਲਾ ਨਹੀਂ ਹੈ। ਇਸ ਮੇਲੇ ਨੂੰ ਵੇਖਣ ਅਤੇ ਭਰਨ ਵਾਲੇ ਲੋਕ ਦੂਰੋਂ ਵੱਡੇ-ਛੋਟੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤੋਂ ਆਉਂਦੇ ਹਨ। ਮੇਲੇ ਵਿੱਚ ਆ ਕੇ ਇਨ੍ਹਾਂ ਸਭਨਾਂ ਲੋਕਾਂ ਦਾ ਪਹਿਲਾ ਅਤੇ ਜਿਸ ਨੂੰ ਇਹ ਸ਼ੁਭ ਕਾਰਜ ਸਮਝਦੇ ਹਨ, ਉਹ ਇਹ ਹੁੰਦਾ ਹੈ ਕਿ

  • ਇਹ ਸਭ ਵਾਰੋ-ਵਾਰੀ ਗੁੱਗੇ ਦੀ ਮਾੜੀ ’ਤੇ ਜਾ ਕੇ ਸੱਤ-ਸੱਤ ਵਾਰ ਮਿੱਟੀ ਕੱਢਦੇ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਮਿੱਟੀ ਕੱਢਣ ਨਾਲ ਗੁੱਗੇ ਪੀਰ ਦੀ ਨਜ਼ਰ ਸਵੱਲੀ ਹੋ ਜਾਂਦੀ ਹੈ, ਜਿਸ ਦੇ ਫਲਸਰੂਪ, ਉਨ੍ਹਾਂ ਲੋਕਾਂ ਅਤੇ ਪਰਿਵਾਰ ਦੇ ਹੋਰ ਜੀਆਂ ਨੂੰ ਨਾ ਤਾਂ ਸੱਪ ਡੰਗ ਮਾਰਦੇ ਹਨ ਅਤੇ ਨਾ ਹੀ ਨੇੜੇ ਆਉਂਦੇ ਹਨ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹਨਾਂ ਲੋਕਾਂ ਨੂੰ ਅਚਨਚੇਤੀ ਕੰਮਕਾਜ ਕਰਦਿਆਂ ਸੱਪ ਡੰਗ ਮਾਰ ਜਾਂਦੇ ਹਨ ਜਾਂ ਫੂਕ ਮਾਰ ਜਾਂਦੇ ਹਨ- ਉਹ ਲੋਕ ਜਦੋਂ ਇਸ ਮਾੜੀ ’ਤੇ ਆ ਕੇ ਮਿੱਟੀ ਲਗਵਾਉਂਦੇ ਹਨ ਤਾਂ ਡੰਗੇ ਹੋਏ ਸੱਪ ਦਾ ਜ਼ਹਿਰ ਉੱਤਰ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਆਪਣੇ ਪਸ਼ੂਆਂ ਨੂੰ ਇੱਥੋਂ ਫੇਰ ਕੇ ਲਿਜਾਂਦੇ ਹਨ, ਉਨ੍ਹਾਂ ਨੂੰ ਵੀ ਸੱਪ ਲੜਨ ਦਾ ਡਰ ਨਹੀਂ ਰਹਿੰਦਾ।

ਇਤਿਹਾਸ

ਗੁੱਗਾ ਜਿਸ ਦਾ ਪਹਿਲਾ ਨਾਂ ਗੁੱਗਲ ਸੀ, ਬੀਕਾਨੇਰ ਦੇ ਰਾਜਪੂਤ ਰਾਜਾ ਜੈਮਲ ਦੇ ਘਰ ਰਾਣੀ ਬਾਂਛਲ ਦੀ ਕੁੱਖੋਂ ਗੁਰੂ ਗੋਰਖ ਨਾਥ ਦੇ ਵਰ ਨਾਲ ਪੈਦਾ ਹੋਇਆ। ਇਹ ਸਮਾਂ ਦਸਵੀਂ ਈਸਵੀ ਦਾ ਹੈ। ਰਾਜਾ ਜੈਮਲ ਨੂੰ ਰਾਣੀ ਬਾਂਛਲ, ਜੋ ਗੁਰੂ ਗੋਰਖ ਨਾਥ ਦੀ ਤਪੱਸਿਆ ਕਰਦੀ ਸੀ, ਉੱਤੇ ਇਖ਼ਲਾਕੀ ਸ਼ੱਕ ਹੋ ਗਿਆ, ਜਿਸ ਦੇ ਸਿੱਟੇ ਵਜੋਂ ਰਾਜੇ ਨੇ ਰਾਣੀ ਅਤੇ ਪੁੱਤ ਗੁੱਗੇ ਨੂੰ ਰਾਜ ਮਹਿਲ ਤੋਂ ਬਾਹਰ ਕੱਢ ਦਿੱਤਾ। ਜਵਾਨ ਹੋਣ ਉੱਪਰੰਤ ਗੁੱਗੇ ਨੇ ਮੁੜ ਰਾਜ ਮਹੱਲ ’ਤੇ ਕਬਜ਼ਾ ਕਰ ਲਿਆ ਅਤੇ ਉਸ ਦੀ ਮੰਗਣੀ ਸਿਲੀਅਰ ਨਾਂ ਦੀ ਸੁੰਦਰ ਯੁਵਤੀ ਨਾਲ ਤੈਅ ਹੋ ਗਈ। ਦੂਜੇ ਪਾਸੇ ਗੁੱਗੇ ਦੀ ਮਾਸੀ ਦੇ ਪੁੱਤ ਅਰਜਨ ਅਤੇ ਸੁਰਜਨ ਜੋ ਸਿਲੀਅਰ ਨੂੰ ਖ਼ੁਦ ਵਿਆਹੁਣਾ ਚਾਹੁੰਦੇ ਸਨ, ਗੁੱਗੇ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਜ਼ੋਰ ਪਾ ਕੇ ਗੁੱਗੇ ਦੀ ਮੰਗ ਤੁੜਵਾ ਦਿੱਤੀ, ਜਿਸ ’ਤੇ ਗੁੱਗਾ ਬਹੁਤ ਦੁਖੀ ਹੋਇਆ। ਇਸ ਹਾਲਤ ਵਿੱਚ ਉਸ ਨੇ ਆਪਣੇ ਇਸ਼ਟ ਦੀ ਅਰਾਧਨਾ ਕੀਤੀ ਤੇ ਸਿੱਟੇ ਵਜੋਂ ਉਸ ਦੀ ਸਹਾਇਤਾ ਲਈ ਨਾਗ ਆ ਪਹੁੰਚੇ। ਇੱਕ ਨਾਗ ਨੇ ਸਹੇਲੀਆਂ ਵਿੱਚ ਖੇਡਦੀ ਸਿਲੀਅਰ ਨੂੰ ਗੁੱਗੇ ਦੀ ਮੰਗ ਪਛਾਣ ਕੇ ਡੰਗ ਨਾ ਮਾਰਿਆ ਪਰ ਬਾਕੀ ਸਾਰੀਆਂ ਸਹੇਲੀਆਂ ਨੂੰ ਡੰਗ ਮਾਰ ਦਿੱਤਾ, ਜਿਸ ਸਦਕਾ ਉਹ ਸਭ ਬੇਹੋਸ਼ ਹੋ ਗਈਆਂ। ਸਿਲੀਅਰ ਆਪਣੀਆਂ ਸਹੇਲੀਆਂ ਨੂੰ ਬੇਹੋਸ਼ ਹੋਈਆਂ ਵੇਖ ਕੇ ਆਪ ਵੀ ਬੇਹੋਸ਼ ਹੋ ਗਈ। ਓਧਰ ਗੁੱਗਾ ਸਿਲੀਅਰ ਕੋਲ ਬੈਠ ਗਿਆ ਅਤੇ ਕਹਿਣ ਲੱਗਿਆ ਕਿ ਉਹ ਨਾਗਾਂ ਦੇ ਡੰਗੇ ਮਰੀਜ਼ਾਂ ਨੂੰ ਠੀਕ ਕਰ ਲੈਂਦਾ ਹੈ। ਇਹ ਸੁਣ ਕੇ ਗੁੱਗੇ ਦੀ ਮੰਗੇਤਰ ਦੀ ਮਾਂ ਨੇ ਸਿਲੀਅਰ ਦੀ ਸ਼ਾਦੀ ਗੁੱਗੇ ਨਾਲ ਹੀ ਕਰਨ ਦਾ ਫ਼ੈਸਲਾ ਕਰ ਲਿਆ। ਦੂਜੇ ਪਾਸੇ ਗੁੱਗੇ ਦੀ ਮਾਸੀ ਦੇ ਦੋਹਾਂ ਪੁੱਤਾਂ ਨੇ ਗੁੱਗੇ ਨੂੰ ਮਾਰਨ ਦੀ ਵਿਉਂਤ ਬਣਾਈ, ਲੜਾਈ ਹੋਈ ਅਤੇ ਇਸ ਵਿੱਚ ਉਹ ਦੋਵੇਂ ਭਰਾ ਮਾਰੇ ਗਏ। ਭੈਣ ਦੀ ਸੁੱਖਾਂ ਲੱਦੀ ਸੰਤਾਨ ਮਾਰਨ ’ਤੇ ਗੁੱਗੇ ਦੀ ਮਾਂ ਬਾਂਛਲ ਨੂੰ ਬਹੁਤ ਸਦਮਾ ਲੱਗਾ। ਮਾਂ ਦੇ ਵੈਣ ਅਤੇ ਕੀਰਨੇ ਪੁੱਤ ਗੁੱਗੇ ਕੋਲੋਂ ਸਹਾਰੇ ਨਾ ਗਏ। ਉਸ ਨੇ ਧਰਤੀ ਵਿੱਚ ਹੀ ਗਰਕ ਜਾਣ ਦੀ ਪੱਕੀ ਧਾਰ ਲਈ। ਹਿੰਦੂ ਰਾਜਪੂਤ ਹੋਣ ਸਦਕਾ ਗੁੱਗਾ ਧਰਤੀ ਵਿੱਚ ਸਮਾ ਨਹੀਂ ਸੀ ਸਕਦਾ। ਇਹ ਮਕਸਦ ਪੂਰਾ ਕਰਨ ਲਈ ਉਹ ਹਾਜੀਰਤਨ ਤੋਂ ਰਾਜਪੂਤ ਤੋਂ ਮੁਸਲਮਾਨ ਬਣ ਆਇਆ। ਮਿਥਿਹਾਸ ਅਨੁਸਾਰ ਉਸ ਨੇ ਆਪਣੇ ਇਸ਼ਟ ਅੱਗੇ ਫਰਿਆਦ ਕੀਤੀ। ਉਸ ਦੀ ਫਰਿਆਦ ਕਬੂਲ ਹੋਈ, ਧਰਤੀ ਨੇ ਵਿਹਲ ਦਿੱਤੀ ਅਤੇ ਘੋੜੇ ਸਮੇਤ ਗੁੱਗਾ ਧਰਤੀ ਵਿੱਚ ਸਮਾਅ ਗਿਆ।

ਮਾੜੀ ਦੀ ਮਿੱਟੀ

ਇਹ ਸਥਾਨ ਬੀਕਾਨੇਰ ਦੇ ਇਲਾਕੇ ਵਿੱਚ ਨਿਸ਼ਚਿਤ ਹੈ, ਜਿੱਥੋਂ ਅਨੇਕਾਂ ਲੋਕਾਂ ਨੇ ਉਸ ਮਾੜੀ ਦੀ ਮਿੱਟੀ ਲਿਆ ਕੇ ਪੰਜਾਬ ਦੇ ਕਈ ਥਾਵਾਂ ’ਤੇ ਮਾੜੀਆਂ ਬਣਾਈਆਂ ਹਨ। ਇਹੋ ਜਿਹੀ ਮਾੜੀ ਹੀ ਛਪਾਰ ਵਿੱਚ ਸਥਾਪਤ ਕੀਤੀ ਗਈ ਹੈ, ਜਿੱਥੇ ਇਹ ਵਿਸ਼ੇਸ਼ ਪ੍ਰਕਾਰ ਦਾ ਮੇਲਾ ਲੱਗਦਾ ਹੈ।

ਖਾਣ ਪਦਾਰਥ

ਮਾੜੀ ਦਾ ਮੁੱਖ ਪੁਜਾਰੀ ਤਾਂ ਖਾਸ ਕਿਸਮ ਦੇ ਵੇਸ ਵਿੱਚ ਸਜਿਆ ਵੇਖਿਆ ਜਾ ਸਕਦਾ ਹੈ ਅਤੇ ਭਗਤਾਂ ਦੀ ਚਾਲ ਅਤੇ ਦਿੱਖ ਦੇ ਤਾਂ ਕਹਿਣੇ ਹੀ ਕੀ? ਦੂਰ-ਨੇੜਿਓਂ ਆਏ ਲੋਕ ਮਿੱਠੀਆਂ ਰੋਟੀਆਂ, ਚੂਰਮੇ ਅਤੇ ਕੱਚੀ ਲੱਸੀ ਆਦਿ ਲਿਆਉਂਦੇ ਹਨ। ਪੁਜਾਰੀ ਉਨ੍ਹਾਂ ਵਿੱਚੋਂ ਕੁਝ ਚੜ੍ਹਾਵੇ ਦੇ ਤੌਰ ’ਤੇ ਰੱਖ ਲੈਂਦੇ ਹਨ, ਜੋ ਪ੍ਰਸਾਦਿ ਦੇ ਰੂਪ ਵਿੱਚ ਨਾਲੋ-ਨਾਲ ਵੰਡਿਆ ਜਾ ਰਿਹਾ ਹੁੰਦਾ ਹੈ ਅਤੇ ਬਾਕੀ ਕੁਝ ਕੁ ਉਨ੍ਹਾਂ ਸ਼ਰਧਾਲੂਆਂ ਨੂੰ ਆਪਣੇ ਪਰਿਵਾਰ ਜਾਂ ਸਨੇਹੀਆਂ ਵਿੱਚ ਵੰਡਣ ਲਈ ਦੇ ਦਿੱਤੇ ਜਾਂਦੇ ਹਨ।

ਰੋਣਕਾਂ

ਪਿੰਡਾਂ ਦੀਆਂ ਮੁਟਿਆਰਾਂ, ਸੱਜ-ਵਿਆਹੀਆਂ ਨਾਰਾਂ ਅਤੇ ਕਈ ਬੁੱਢੜੀਆਂ ਠੇਰੀਆਂ ਵੀ ਜਦੋਂ ਬਣ-ਠਣ ਕੇ ਮੇਲੇ ਜਾਂਦੀਆਂ ਹਨ ਤਾਂ ਪੰਜਾਬ ਦੀ ਘਰੇਲੂ ਸੁੰਦਰਤਾ, ਮਹਿਕਾਂ ਭਰਪੂਰ ਅਤੇ ਸੁਹੱਪਣਾਂ ਨਾਲ ਲੱਦੀ ਵੇਖੀ ਜਾ ਸਕਦੀ ਹੈ। ਮੇਲੇ ਜਾਂਦੀਆਂ ਇਹ ਤੀਵੀਆਂ ਇਸ ਤਰ੍ਹਾਂ ਗਾਉਂਦੀਆਂ ਹਨ ਕਿ ਸੁਣਨ ਵਾਲੇ ਨੂੰ ਕੀਲ ਕੇ ਰੱਖ ਦਿੰਦੀਆਂ ਹਨ:

ਪੱਲੇ ਮੇਰੇ ਛੱਲੀਆਂ,
ਮੈਂ ਗੁੱਗਾ ਮਨਾਵਣ ਚੱਲੀ ਆਂ।
ਨੀਂ ਮੈਂ ਵਾਰੀ ਗੁੱਗਾ ਜੀ!
ਰੋਹੀ ਵਾਲਿਆ ਗੁੱਗਿਆ ਵੇ,
ਭਰਿਆ ਕਟੋਰਾ ਦੁੱਧ ਦਾ,
ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ,
ਨੀਂ ਮੈਂ ਵਾਰੀ ਗੁੱਗੇ ਤੋਂ।

ਹਰ ਵਰਗ ਦੇ ਲੋਕ

ਇਨ੍ਹਾਂ ਔਰਤਾਂ ਦੀਆਂ ਟੋਲੀਆਂ ਤੋਂ ਛੁੱਟ ਨੌਜਵਾਨਾਂ ਦੀਆਂ ਢਾਣੀਆਂ ਦੀਆਂ ਢਾਣੀਆਂ, ਗੱਲ ਕੀ ਹਰ ਉਮਰ ਵਰਗ ਦੇ ਲੋਕ, ਕਈ ਥਾਈਂ ਤਾਂ ਬੁੱਢੜੇ ਨੌਜਵਾਨਾਂ ਨੂੰ ਵੀ ਗਾਇਕੀ ਅਤੇ ਹੋਰ ਕਈ ਪ੍ਰਕਾਰ ਦੇ ਸ਼ੁਗਲ ਪ੍ਰਦਰਸ਼ਨ ਦੇ ਪੱਖਾਂ ਤੋਂ ਪਿੱਛੇ ਛੱਡ ਜਾਂਦੇ ਹਨ। ਇਹ ਸਾਰੇ ਮਰਦ ਲੋਕ ਚਾਦਰੇ ਬੰਨ੍ਹ ਕੇ, ਖੁੱਲ੍ਹੇ ਕੁੜਤੇ ਪਾ ਕੇ, ਤੁਰਲੇ ਵਾਲੀਆਂ ਮਾਇਆ ਲੱਗੀਆਂ ਪੰਗਾਂ ਬੰਨ੍ਹ ਕੇ ਮੇਲੇ ਵਿੱਚ ਤੁਰਦੇ-ਫਿਰਦੇ ਵੇਖੇ ਜਾ ਸਕਦੇ ਹਨ। ਕੁਝ ਮਾੜੇ ਅਨਸਰਾਂ ਵੱਲੋਂ ਮੇਲੇ ਦੌਰਾਨ ਸ਼ਰਾਬਾਂ ਪੀਣੀਆਂ, ਬੱਕਰੇ ਬੁਲਾਉਣੇ, ਲੜਾਈਆਂ ਮੁੱਲ ਲੈਣੀਆਂ ਅਤੇ ਲੁੱਟ-ਖਸੁੱਟ ਜਿਹੀਆਂ ਪ੍ਰਵਿਰਤੀਆਂ ਵੀ ਇਸੇ ਮੇਲੇ ਵਿੱਚ ਕਦੀ-ਕਦੀ ਵੇਖੀਆਂ ਜਾ ਸਕਦੀਆਂ ਹਨ। ਇਸ ਗੱਲ ਦੀ ਸ਼ਾਹਦੀ ਭਰਦੀ ਇੱਕ ਲੋਕ-ਬੋਲੀ ਵੀ ਪੇਸ਼ ਕੀਤੀ ਜਾ ਸਕਦੀ ਹੈ:

ਆਰੀ ਆਰੀ ਆਰੀ,
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ।
ਕੱਠ ਮੁਸ਼ਟੰਡਿਆਂ ਦਾ,
ਉੱਥੇ ਬੋਤਲਾਂ ਮੰਗਾ ’ਲੀਆਂ ਚਾਲੀ,
ਤਿੰਨ ਸੇਰ ਸੋਨਾ ਚੁੱਕਿਆ,
ਭਾਨ ਚੁੱਕ ਲੀ ਹੱਟੀ ਦੀ ਸਾਰੀ,
ਰਤਨ ਸਿੰਘ ਰੱਕੜਾਂ ਦਾ,
ਜੀਹਤੇ ਚੱਲ ਰਹੇ ਮੁਕੱਦਮੇ ਚਾਲੀ,
ਠਾਣੇਦਾਰ ਤਿੰਨ ਚੜ੍ਹਗੇ,
ਨਾਲੇ ਪੁਲੀਸ ਚੜ੍ਹੀ ਸਰਕਾਰੀ,
ਈਸੂ ਧੂਰੀ ਦਾ,
ਜਿਹੜਾ ਡਾਂਗ ਦਾ ਬਹਾਦਰ ਭਾਰੀ,
ਮੰਗੂ ਖੇੜੀ ਦਾ, ਪੁੱਠੇ ਹੱਥ ਦੀ ਗੰਡਾਰੀ ਉਹਨੇ ਮਾਰੀ,
ਠਾਣੇਦਾਰ ਇਉਂ ਡਿੱਗਿਆ,
ਜਿਵੇਂ ਹੱਲ ’ਚੋਂ ਡਿੱਗੇ ਪੰਜਾਲੀ,
ਕਾਹਨੂੰ ਛੇੜੀ ਸੀ ਨਾਗਾਂ ਦੀ ਪਟਾਰੀ…
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ।

ਸਜਾਵਟਾਂ 

ਮੇਲੇ ਵਿੱਚ ਰੰਗ-ਬਿਰੰਗੀਆਂ ਸਜੀਆਂ ਦੁਕਾਨਾਂ ਮੇਲੇ ਦੇ ਖ਼ਤਮ ਹੁੰਦਿਆਂ ਹੀ ਖ਼ਰੀਦੋ-ਫਰੋਖ਼ਤ ਕਰ ਕੇ ਖਾਲੀ ਹੋ ਜਾਂਦੀਆਂ ਹਨ। ਔਰਤਾਂ ਵੰਨ-ਸੁਵੰਨੇ, ਝੂਠੇ ਸੋਨੇ ਦੇ ਗਹਿਣੇ, ਕੱਚ ਦੀਆਂ ਚੂੜੀਆਂ, ਨਾਲੇ ਪਰਾਂਦੇ ਅਤੇ ਹੋਰ ਸਾਜ਼ੋ-ਸਜਾਵਟ ਵਾਲੀ ਨਿੱਕ-ਸੁੱਕ ਖਰੀਦ ਲੈਂਦੀਆਂ ਹਨ ਅਤੇ ਬੱਚੇ ਪੰਘੂੜਿਆਂ ’ਤੇ ਝੂਟੇ ਲੈਂਦੇ ਨਹੀਂ ਥੱਕਦੇ।