ਜ਼ਿਲ੍ਹੇ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਸ਼੍ਰੀ ਮਨਪ੍ਰੀਤ ਸਿੰਘ, ਸ਼੍ਰੀ ਹਾਰਦਿਕ ਸਿੰਘ, ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਵਰੁਣ ਕੁਮਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਕਲੱਬ ਦੀ ਲਾਈਫ਼ ਟਾਈਮ ਮੁਫ਼ਤ ਮੈਂਬਰਸ਼ਿਪ ਦੇ ਨਾਲ-ਨਾਲ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਯਾਦਗਾਰੀ ਚਿੰਨ੍ਹ ਵੀ ਸੌਂਪੇ ਗਏ । ਇਸ ਤੋਂ ਪਹਿਲਾਂ ਭੰਗੜਾ ਟੀਮ ਵੱਲੋਂ ਢੋਲ ਦੀ ਥਾਪ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।


ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਇਸ ਨੂੰ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਇੱਕ ਯਾਦਗਾਰ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਨਾ ਸਿਰਫ਼ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਸਗੋਂ 41 ਸਾਲਾਂ ਦੇ ਸੋਕੇ ਤੋਂ ਬਾਅਦ ਕਾਂਸੀ ਦਾ ਤਮਗਾ ਜਿੱਤ ਕੇ ਸੂਬੇ ਅਤੇ ਦੇਸ਼ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ। ਸ਼੍ਰੀ ਥੋਰੀ, ਡਾ. ਗਿੱਲ ਅਤੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਇਹ ਮੈਡਲ ਦੇਸ਼ ਵਿੱਚ ਰਾਸ਼ਟਰੀ ਖੇਡ ਦੀ ਮੁੜ ਸੁਰਜੀਤੀ ਵਿੱਚ ਅਹਿਮ ਭੁਮਿਕਾ ਨਿਭਾਏਗਾ।

ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕਿਹਾ ਕਿ ਇਨ੍ਹਾਂ ਨੌਜਵਾਨ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕਰੇਗਾ।ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਇਹ ਖਿਡਾਰੀ ਹਾਕੀ ਦੀ ਨਰਸਰੀ ਵਜੋਂ ਜਾਣੀ ਜਾਂਦੀ ਸੁਰਜੀਤ ਹਾਕੀ ਅਕੈਡਮੀ ਨਾਲ ਜੁੜੇ ਹੋਏ ਹਨ । ਸ਼੍ਰੀ ਥੋਰੀ, ਡਾ. ਗਿੱਲ ਅਤੇ ਸ਼੍ਰੀ ਸਿੰਗਲਾ ਨੇ ਇਹ ਵੀ ਕਿਹਾ ਕਿ ਇਹ ਸਮੁੱਚੇ ਦੇਸ਼ ਲਈ ਇੱਕ ਮਹੱਤਵਪੂਰਣ ਮੌਕਾ ਹੈ, ਜਿਸ ਕਰਕੇ ਹਰ ਦੇਸ਼ ਵਾਸੀ ਇਸ ਜਿੱਤ ਦੀ ਖੁਸ਼ੀ ਮਨਾ ਰਿਹਾ ਹੈ।