ਅੰਮ੍ਰਿਤਸਰ, 8 ਸਤੰਬਰ: --ਸੰਸਦ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਜੋ ਕਿ ਸ੍ਰੀ ਗੁੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੀ ਹਨ, ਵੱਲੋਂ ਲਗਾਤਾਰ ਕੀਤੇ ਗਏ ਯਤਨਾਂ ਸਦਕਾ ਅੱਜ ਅੰਮ੍ਰਿਤਸਰ ਤੋਂ ਰੋਮ (ਇਟਲੀ) ਲਈ ਸਿੱਧੀ ਉਡਾਨ ਸ਼ੁਰੂ ਹੋ ਗਈ ਹੈ। ਸ੍ਰ ਔਜਲਾ ਜੋ ਕਿ ਜਰੂਰੀ ਰੁਝੇਵਿਆਂ ਕਾਰਨ ਦਿੱਲੀ ਵਿਖੇ ਹੋਣ ਕਾਰਨ ਅੱਜ ਉਡਾਣ ਦੀ ਸ਼ੁਰੂਆਤ ਮੌਕੇ ਅੰਮ੍ਰਿਤਸਰ ਨਹੀਂ ਪਹੁੰਚ ਸਕੇ, ਨੇ ਫੋਨ ਰਾਹੀਂ ਇਸ ਉਡਾਨ ਦੇ ਮੁਸਾਫਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਕਿਹਾ ਕਿ ਇਸ ਉਡਾਣ ਨਾਲ ਅੰਮ੍ਰਿਤਸਰ ਸਿੱਧਾ ਯੂਰਪ ਨਾਲ ਜੁੜਿਆ ਹੈ ਜੋ ਕਿ ਪੰਜਾਬੀ ਭਾਈਚਾਰੇ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਟਲੀ ਰਹਿ ਰਹੇ ਲੋਕਾਂ ਦੀ ਇਹ ਚਿਰੌਕਣੀ ਮੰਗ ਸੀ ਅਤੇ ਉਨ੍ਹਾਂ ਦੀ ਮੰਗ ਨੂੰ ਉਠਾਉਣਾ ਮੇਰਾ ਫਰਜ ਸੀ ਜੋ ਮੈਂ ਕੀਤਾ।
ਅੱਜ ਪਲੇਠੀ ਉਡਾਣ ਦੀ ਸ਼ੁਰੂਆਤ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਰਾਜ ਕੰਵਲਪ੍ਰੀਤ ਸਿੰਘ ਲੱਕੀ, ਕੌਂਸਲਰ ਸ੍ਰੀ ਸੋਨੂੰ ਦੱਤੀ ਅਤੇ ਬਾਬੁਰ ਔਜਲਾ ਨੇ ਹਵਾਈ ਅੱਡੇ ਪਹੁੰਚ ਮੁਸਾਫਰਾਂ ਨੂੰ ਫੁੱਲ ਭੇਂਟ ਕਰਕੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ। ਸ੍ਰੀ ਦੱਤੀ ਨੇ ਕਿਹਾ ਕਿ ਇਸ ਉਡਾਣ ਨਾਲ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਪਹਿਲਕਦਮੀ ਵਧੇਗੀ ਜੋ ਸੈਰ ਸਪਾਟਾ ਉਦਯੋਗ ਨੂੰ ਹੁਲਾਰਾ ਦੇਵੇਗੀ।