ਪਹਿਲਾ ਮੈਗਾ ਰੋਜ਼ਗਾਰ ਮੇਲਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਵੀਰਵਾਰ ਨੂੰ ਲੱਗੇਗਾ : ਅਪਨੀਤ ਰਿਆਤ


ਹੁਸ਼ਿਆਰਪੁਰ, 8 ਸਤੰਬਰ: ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਕਰਵਾਏ ਜਾ ਰਹੇ 7ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਤਹਿਤ 9 ਸਤੰਬਰ ਵੀਰਵਾਰ ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਗਾਰ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕੰਪਨੀਆਂ ਵਲੋਂ ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।
ਰੋਜਗਾਰ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਂਦਿਆਂ ਵੱਖ-ਵੱਖ ਕੰਪਨੀਆਂ ਵਿਚ ਰੋਜ਼ਗਾਰ ਹਾਸਲ ਕਰਨ। ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਸਮੇਂ ਸਿਰ ਹਰ ਲੋੜੀਂਦਾ ਇੰਤਜ਼ਾਮ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਪਹਿਲਾ ਮੈਗਾ ਰੋਜ਼ਗਾਰ ਮੇਲਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਆਈ.ਟੀ.ਆਈ. ਹੁਸ਼ਿਆਰਪੁਰ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੂਸਰਾ ਮੇਲਾ 13 ਸਤੰਬਰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ, ਤੀਸਰਾ ਮੇਲਾ 15 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਮਾਹਿਲਪੁਰ ਅਤੇ ਚੌਥਾ ਮੇਲਾ 17 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਚ ਲੱਗੇਗਾ। ਇਹ ਸਾਰੇ ਮੇਲੇ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਵਿਚ 10 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੁਆਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਲਈ ਸੋਨਾਲੀਕਾ, ਸੈਂਚੁਰੀ ਪਲਾਈਵੁੱਡ, ਹਾਕਿੰਸ, ਵਰਧਮਾਨ, ਐਚ.ਡੀ.ਐਫ.ਸੀ. ਬੈਂਕ, ਆਈ.ਵੀ.ਵਾਈ. ਹਸਪਤਾਲ, ਕੋਕਾ ਕੋਲਾ, ਐਸ.ਆਈ.ਐਸ. ਸਕਿਉਰਟੀ, ਕੁਅੰਟਮ ਪੇਪਰ ਮਿੱਲ, ਕੇ.ਐਫ.ਸੀ. ਆਦਿ ਨਾਮੀ ਕੰਪਨੀਆਂ ਤੋਂ ਇਲਾਵਾ ਵੱਖ-ਵੱਖ ਇੰਡਸਟਰੀਅਲ ਯੂਨਿਟ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਵਿਚ ਘੱਟ ਪੜ੍ਹੇ ਲਿਖੇ ਅਤੇ ਉਚੇਰੀ ਸਿੱਖਿਆ ਹਾਸਲ ਦੋਵੇਂ ਵਰਗਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਰੋਜ਼ਗਾਰ ਮੇਲਿਆਂ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ ਆਪਣਾ ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਸਬੰਧੀ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਪਹੁੰਚਣ।
ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਦੇ ਫੇਸਬੁੱਕ ਪੇਜ 42558OS891RP”R ’ਤੇ ਵੀ ਵਿਜ਼ਿਟ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ, ਐਸ.ਡੀ.ਐਮ. ਦਸੂਹਾ ਰਣਦੀਪ ਸਿੰਘ ਹੀਰ, ਐਸ.ਡੀ.ਐਮ. ਗੜ੍ਹਸ਼ੰਕਰ ਅਰਵਿੰਦਰ ਕੁਮਾਰ, ਸਹਾਇਕ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਜੀ.ਐਮ. ਇੰਡਸਟਰੀ ਅਰੁਣ ਕੁਮਾਰ, ਪਲੇਸਮੈਂਟ ਅਧਿਕਾਰੀ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿਤਿਆ ਰਾਣਾ ਆਦਿ ਮੌਜੂਦ ਸਨ।