ਡਿਪਟੀ ਕਮਿਸ਼ਨਰ ਨੇ ਇਛੁੱਕ ਨੌਜਵਾਨਾਂ ਨੂੰ ਜ਼ਰੂਰੀ ਦਸਤਾਵੇਜਾਂ ਸਮੇਤ ਮੈਗਾ ਰੋਜ਼ਗਾਰ ਮੇਲੇ ’ਚ ਹਿੱਸਾ ਲੈਣ ਦੀ ਕੀਤੀ ਅਪੀਲ

ਹੁਸ਼ਿਆਰਪੁਰ, 4 ਸਤੰਬਰ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਐਸ.ਆਈ.ਐਸ. ਸਕਿਉਰਟੀ ਵਿਚ ਭਰਤੀ ਲਈ 7 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਐਸ.ਆਈ.ਐਸ. ਸਕਿਉਰਟੀ ਵਲੋਂ 200 ਪੁਰਸ਼ ਅਤੇ 10 ਮਹਿਲਾ ਸਕਿਉਰਟੀ ਗਾਰਡ ਦੀਆਂ ਆਸਾਮੀਆਂ ਦੀ ਭਰਤੀ ਕੀਤੀ ਜਾਵੇਗੀ, ਜਿਸ ਦੀ ਡਿਊਟੀ ਮਹੀਨੇ ਵਿਚ 26 ਦਿਨ (8 ਘੰਟੇ ਪ੍ਰਤੀ ਦਿਨ) ਦੀ ਹੋਵੇਗੀ ਅਤੇ ਤਨਖਾਹ 11900-13000 ਰੁਪਏ ਹੋਵੇਗੀ। ਇਸ ਭਰਤੀ ਲਈ ਵਿਦਿਅਕ ਯੋਗਤਾ ਘੱਟ ਤੋਂ ਘੱਟ ਦਸਵੀਂ ਪਾਸ, ਉਮਰ 21 ਤੋਂ 45 ਸਾਲ ਅਤੇ ਕੱਦ 5 ਫੁੱਟ 7 ਇੰਚ (ਪੁਰਸ਼) ਅਤੇ 5 ਫੁੱਟ 4 ਇੰਚ (ਮਹਿਲਾ) ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਤਨਖਾਹ ਤੋਂ ਇਲਾਵਾ ਕਈ ਹੋਰ ਸੁਵਿਧਾਵਾਂ ਜਿਵੇਂ ਕਿ ਪੀ.ਐਫ., ਈ.ਐਸ.ਆਈ., ਸਸਤਾ ਖਾਣਾ, ਰਿਹਾਇਸ਼, ਮੁਫ਼ਤ 5 ਲੱਖ ਦਾ ਦੁਰਘਟਨਾ ਬੀਮਾ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਧ ਤੋਂ ਵੱਧ ਇਛੁੱਕ ਨੌਜਵਾਨ 7 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ., ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਚ ਸਵੇਰੇ 10 ਵਜੇ ਆਪਣੇ ਆਧਾਰ ਕਾਰਡ ਅਤੇ ਸਰਟੀਫਿਕੇਟ ਸਮੇਤ ਇਸ ਰੋਜ਼ਗਾਰ ਮੇਲੇ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਸ ਭਰਤੀ ਲਈ ਕਿਸੇ ਵੀ ਤਰ੍ਹਾਂ ਦੀ ਰਜਿਸਟਰੇਸ਼ਨ, ਟਰੇਨਿੰਗ ਫੀਸ ਨਹੀਂ ਲਈ ਜਾਵੇਗੀ।