ਪੰਜਾਬ ਸਰਕਾਰ ਦੇ 'ਘਰ-ਘਰ ਰੋਜ਼ਗਾਰ ਤੇ ਕਾਰੋਬਾਰ' ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਵੀਰਵਾਰ ਨੂੰ ਜ਼ਿਲ੍ਹੇ ਵਿੱਚ 7ਵੇਂ ਮੈਗਾ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੀਆਂ) ਨਕੋਦਰ ਵਿਖੇ ਰੋਜ਼ਗਾਰ ਮੇਲਾ ਲਗਾ ਕੇ ਕੀਤੀ ਗਈ, ਜਿਸ ਵਿੱਚ 2877 ਬੇਰੋਜ਼ਗਾਰ ਨੌਜਵਾਨਾਂ ਦੀ ਮੌਕੇ 'ਤੇ ਰੋਜ਼ਗਾਰ ਲਈ ਚੋਣ ਕੀਤੀ ਗਈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਕੈਂਪ ਵਿੱਚ 3482 ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 2877 ਦੀ ਵੱਖ-ਵੱਖ ਕੰਪਨੀਆਂ ਵੱਲੋਂ ਰੋਜ਼ਗਾਰ ਲਈ ਚੋਣ ਕੀਤੀ ਗਈ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਏ-ਵਨ ਇੰਟਰਨੈਸ਼ਨਲ, ਰੈਂਕ ਸਟੈਪ ਐਜੂਕੇਸ਼ਨ, ਹਰਬ ਲਾਈਫ਼ ਨਿਊਟਰਿਸ਼ਨ, ਐਸ.ਬੀ.ਆਈ. ਲਾਈਫ਼ ਇੰਸ਼ੋਰੈਂਸ, ਭਾਰਤੀ ਐਕਸਾ ਲਾਈਫ਼ ਇੰਸ਼ੋਰੈਂਸ, ਐਨ.ਆਈ.ਆਈ.ਟੀ. ਲਿਮਟਿਡ, ਪੁਖਰਾਜ ਹੈਲਥ ਕੇਅਰ, ਆਈ.ਸੀ.ਆਈ.ਸੀ.ਆਈ. ਬੈਂਕ ਲਿਮਟਿਡ, ਏਜਾਈਲ ਕੰਪਨੀ, ਪਲੇਸਮੈਡਸ, ਏਅਰਟੈੱਲ ਪੇਮੈਂਟ ਬੈਂਕ, ਹੈਲਥ ਹਰਬਲ ਪ੍ਰਾਈਵੇਟ ਲਿਮਟਿਡ, ਵੀ.ਐਨ. ਸਲਿਊਸ਼ਨ ਸਰਵਿਸਿਜਜ਼ ਅਤੇ ਐਲ.ਆਈ.ਸੀ. ਨਕੋਦਰ ਸਮੇਤ ਕੁੱਲ 59 ਕੰਪਨੀਆਂ ਨੇ ਰੋਜ਼ਗਾਰ ਮੇਲਿਆਂ ਸ਼ਿਰਕਤ ਕੀਤੀ ਅਤੇ ਰੋਜ਼ਗਾਰ ਲਈ ਮੌਕੇ 'ਤੇ 2877 ਬੇਰੋਜ਼ਗਾਰ ਨੌਜਵਾਨਾਂ ਦੀ ਚੋਣ ਕੀਤੀ।
ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਵਿੱਚ ਬੀ.ਡੀ.ਪੀ.ਓ. ਦਫ਼ਤਰਾਂ ਸਮੇਤ ਵੱਖ-ਵੱਖ ਥਾਈਂ ਰੋਜ਼ਗਾਰ ਮੇਲੇ ਲਗਾਏ ਗਏ ਅਤੇ ਵੱਖ-ਵੱਖ ਉਦਯੋਗਾਂ ਤੇ ਵਪਾਰਕ ਅਦਾਰਿਆਂ ਵੱਲੋਂ ਵੀ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 5600 ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ।
ਉਨ੍ਹਾਂ ਕਿਹਾ ਕਿ ਇਹ ਰੋਜ਼ਗਾਰ ਮੇਲੇ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਸਹਾਇਕ ਸਿੱਧ ਹੋ ਰਹੇ ਹਨ ਅਤੇ ਇਨ੍ਹਾਂ ਮੇਲਿਆਂ ਰਾਹੀਂ ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨ ਰਾਜ ਦੇ ਆਰਥਿਕ-ਸਮਾਜਿਕ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਨਗੇ।
ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਦੌਰਾਨ ਕੋਵਿਡ ਪ੍ਰੋਟੋਕੋਲਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਜਿਸ ਤਹਿਤ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਸ਼੍ਰੀ ਥੋਰੀ ਨੇ ਅੱਗੇ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਤਹਿਤ ਅਗਲਾ ਰੋਜ਼ਗਾਰ ਮੇਲਾ 10 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ ਵਿਖੇ ਲਗਾਇਆ ਜਾਵੇਗਾ ਜਦਕਿ 13 ਸਤੰਬਰ ਨੂੰ ਸੀਟੀ ਗਰੁੱਪ ਆਫ਼ ਇੰਸਟੀਚਿਊਟ ਸ਼ਾਹਪੁਰ ਕੈਂਪਸ, 15 ਸਤੰਬਰ ਨੂੰ ਜਨਤਾ ਕਾਲਜ ਕਰਤਾਰਪੁਰ ਅਤੇ 17 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਭੋਗਪੁਰ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਨਾਮੀ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸ਼ਿਰਕਤ ਕਰਨਗੀਆਂ।
ਉਨ੍ਹਾਂ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਅਤੇ ਰੋਜ਼ਗਾਰਦਾਤਾਵਾਂ ਵਿੱਚ ਪੁਲ ਦਾ ਕੰਮ ਕਰਦੇ ਹਨ, ਜਿਨ੍ਹਾਂ ਰਾਹੀਂ ਜਿਥੇ ਨੌਜਵਾਨਾਂ ਨੂੰ ਆਪਣੀ ਯੋਗਤਾ ਤੇ ਪਸੰਦ ਅਨੁਸਾਰ ਰੋਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ ਉਥੇ ਕੰਪਨੀਆਂ ਵੀ ਆਪਣੀ ਲੋੜ ਕਿਰਤ ਸ਼ਕਤੀ ਦੀ ਚੋਣ ਕਰ ਸਕਦੀਆਂ ਹਨ।
ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਨੌਕਰੀਆਂ ਲਈ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com 'ਤੇ ਰਜਿਸਟਰ ਕਰ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਰੋਜ਼ਗਾਰ ਮੇਲੇ ਵਿੱਚ ਪੁੱਜੀ ਨਕੋਦਰ ਦੀ ਰਹਿਣ ਵਾਲੀ ਸੰਤੋਸ਼ ਰਾਣੀ ਨੇ ਦੱਸਿਆ ਕਿ ਉਹ ਗ੍ਰੈਜੂਏਸ਼ਨ ਪਾਸ ਹੈ ਅਤੇ ਅੱਜ ਦੇ ਮੇਲੇ ਵਿੱਚ ਉਹ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ ਨੌਕਰੀ ਹਾਸਲ ਕਰਨ ਵਿੱਚ ਸਫ਼ਲ ਰਹੀ ਹੈ। ਉਸ ਨੇ ਰੋਜ਼ਗਾਰ ਮੇਲਿਆਂ ਨੂੰ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਕਿਹਾ ਕਿ ਇਸ ਨੌਕਰੀ ਸਦਕਾ ਉਹ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕੇਗੀ।
ਇਸੇ ਤਰ੍ਹਾਂ ਨਕੋਦਰ ਦੇ ਹੀ ਹਰਸਿਮਰ ਸਿੰਘ, ਜਿਸ ਦੀ ਏਅਰਟੈੱਲ ਪੇਮੈਂਟ ਬੈਂਕ ਵੱਲੋਂ ਰੋਜ਼ਗਾਰ ਹਿੱਤ ਚੋਣ ਕੀਤੀ ਗਈ ਹੈ, ਨੇ ਇਸ ਮੌਕੇ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਹੋਰਨਾਂ ਨੌਜਵਾਨਾਂ ਨੂੰ ਵੀ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਕੇ ਆਪਣੀ ਜ਼ਿੰਦਗੀ ਸੰਵਾਰਨ ਲਈ ਕਿਹਾ।
ਇਸ ਤੋਂ ਇਲਾਵਾ ਰੋਜ਼ਗਾਰ ਲਈ ਏਅਰਟੈੱਲ ਪੇਮੈਂਟ ਬੈਂਕ ਵੱਲੋਂ ਚੁਣੇ ਗਏ ਕਰਨਵੀਰ ਅਤੇ ਏਜਾਈਲ ਕੰਪਨੀ ਵੱਲੋਂ ਚੁਣੀ ਗਈ ਨਵਪ੍ਰੀਤ ਨੇ ਕਿਹਾ ਕਿ ਉਹ ਆਪਣੀ ਪਸੰਦ ਦੀਆਂ ਨੌਕਰੀਆਂ ਹਾਸਲ ਕਰ ਕੇ ਬਹੁਤ ਖੁਸ਼ ਹਨ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਇਕ ਛੱਤ ਥੱਲੇ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਕੀਤਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।