ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਅਤੇ ਵੋਟਾਂ ਦੀ ਸੋਧ 2022 ਸਬੰਧੀ ਵਿਚਾਰਾਂ

ਹੁਸ਼ਿਆਰਪੁਰ, 23 ਅਗਸਤ: ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਹਾਇਕ ਕਮਿਸ਼ਨਰ ਸਟੇਟ ਟੈਕਸ-ਕਮ-ਚੋਣ ਰਜਿਸਟਰੇਸ਼ਨ ਅਧਿਕਾਰੀ 044-ਚੱਬੇਵਾਲ ਜਯੋਤਸਨਾ ਸਿੰਘ ਵਲੋਂ ਵਿਧਾਨ ਸਭਾ ਖੇਤਰ ਵਿਚ ਬੂਥਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਾਂ ਦੀ ਸੋਧ 2022 ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ।
ਚੋਣ ਰਜਿਸਟਰੇਸ਼ਨ ਅਧਿਕਾਰੀ ਨੇ ਕਿਹਾ ਕਿ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਕੇ ਵੋਟਰ ਡਾਟਾ ਵੈਰੀਫਾਈ ਕਰਨ ਦਾ ਕੰਮ 8 ਸਤੰਬਰ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਪੇਸ਼ ਕਰਨ ਲਈ 1 ਨਵੰਬਰ 2021 ਤੋਂ 30 ਨਵੰਬਰ ਤੱਕ ਨਵੀਆਂ ਵੋਟਾਂ ਦੇ ਫਾਰਮ ਨੰਬਰ 6 ਭਰਨ, ਤਬਦੀਲ ਹੋ ਚੁੱਕੇ ਜਾਂ ਮ੍ਰਿਤਕ ਵੋਟਰਾਂ ਦੀਆਂ ਵੋਟਾਂ ਕੱਟਣ ਲਈ ਫਾਰਮ ਨੰਬਰ 7 ਅਤੇ ਜ਼ਰੂਰੀ ਸੋਧ ਕਰਨ ਲਈ ਫਾਰਮ ਨੰਬਰ 8 ਭਰੇ ਜਾਣਗੇ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 5 ਜਨਵਰੀ 2022 ਨੂੰ ਹੋਵੇਗੀ। ਉਨ੍ਹਾਂ ਨੇ ਸਿਆਸੀ ਨੁਮਾਇੰਦਿਆਂ ਨਾਲ ਵਿਚਾਰਾਂ ਦੌਰਾਨ ਦੱਸਿਆ ਕਿ ਚੱਬੇਵਾਲ ਹਲਕੇ ਵਿਚ 205 ਪੋÇਲੰਗ ਬੂਥ ਹਨ ਅਤੇ ਇਨ੍ਹਾਂ ਬੂਥ ’ਤੇ ਵੋਟਰਾਂ ਦੀ ਗਿਣਤੀ 1200 ਤੋਂ ਘੱਟ ਹੈ। ਇਸ ਲਈ ਕੋਈ ਵੀ ਨਵਾਂ ਬੂਥ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿਆਸੀ ਪਾਰਟੀਆਂ ਵਲੋਂ ਹਰ ਬੂਥ ’ਤੇ ਬੂਥ ਲੈਵਲ ਏਜੰਟ ਨਿਯੁਕਤ ਕੀਤਾ ਜਾਵੇ ਤਾਂ ਜੋ ਬੀ.ਐਲ.ਓਜ਼ ਅਤੇ ਬੀ.ਐਲ.ਏ. ਮਿਲ ਕੇ ਕੰਮ ਕਰ ਸਕਣ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਸੋਧ ਲਈ ਨਵੰਬਰ ਮਹੀਨੇ ਦੀ 6, 7, 20 ਅਤੇ 22 ਤਾਰੀਕ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾਣਗੇ।
ਇਸ ਮੌਕੇ ਕਾਂਗਰਸ ਵਲੋਂ ਪੰਕਜ ਸ਼ਿਵ, ਸੀ.ਪੀ.ਆਈ. (ਐਮ.) ਗੁਰਮੀਤ ਸਿੰਘ ਤੇ ਬਲਰਾਜ ਸਿੰਘ, ਅਕਾਲੀ ਦਲ ਬਲਰਾਜ ਸਿੰਘ ਚੌਹਾਨ ਤੇ ਸਤਨਾਮ ਸਿੰਘ, ਸੀ.ਪੀ.ਆਈ. ਤੋਂ ਤਰਸੇਮ ਸਿੰਘ, ਸਹਾਇਕ ਚੋਣ ਰਜਿਸਟਰੇਸ਼ਨ ਅਧਿਕਾਰੀ ਨਾਇਬ ਤਹਿਸੀਲਦਾਰ ਸੰਦੀਪ ਸਿੰਘ ਆਦਿ ਮੌਜੂਦ ਸਨ।