ਮੇਲੇ ਦੌਰਾਨ ਸੜਕ ਦੇ ਦੋਵੇਂ ਪਾਸੇ ਲੰਗਰ, ਕੀਰਤਨ, ਸਤਿਸੰਗ, ਜਾਗਰਣ ਜਾਂ ਹੋਰ ਇਕੱਠ ਕਰਨ ’ਤੇ ਰਹੇਗੀ ਪੂਰਨ ਤੌਰ ’ਤੇ ਪਾਬੰਦੀ

ਮਾਤਾ ਚਿੰਤਪੂਰਨੀ ਰੋਡ ’ਤੇ ਆਉਣ ਵਾਲੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਮੇਲੇ ਦੌਰਾਨ ਸੁਚਾਰੂ ਵਿਵਸਥਾ ਬਣਾਈ ਰੱਖਣ ਸਬੰਧੀ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 05 ਅਗਸਤ : ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਮਾਤਾ ਚਿੰਤਪੂਰਨੀ ਜੀ ਦੇ ਸਲਾਨਾ ਮੇਲੇ ਦੇ ਸਬੰਧ ਵਿੱਚ ਹੁਕਮ ਜਾਰੀ ਕਰਦੇ ਹੋਏ ਨਿਰਦੇਸ਼ ਦਿੱਤੇ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ ਦੇ ਅੰਦਰ ਰਸਤੇ ਦੇ ਦੋਵੇਂ ਪਾਸੇ ਲੰਗਰ ਲਗਾਉਣ ’ਤੇ ਪੂਰਨ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਮਾਤਾ ਚਿੰਤਪੂਰਨੀ ਜੀ ਦਾ ਸਲਾਨਾ ਮੇਲਾ 9 ਅਗਸਤ ਤੋਂ 16 ਅਗਸਤ ਤੱਕ ਲੱਗੇਗਾ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂ ਹੁਸ਼ਿਆਰਪੁਰ ਤੋਂ ਹੁੰਦੇ ਹੋਏ ਮਾਤਾ ਚਿੰਤਪੂਰਨੀ ਦੇ ਦਰਬਾਰ ਤੱਕ ਦਰਸ਼ਨਾਂ ਨੂੰ ਜਾਂਦੇ ਹਨ, ਜਿਸ ਦੀ ਸੁਵਿਧਾ ਦੇ ਲਈ ਹੁਸ਼ਿਆਰਪੁਰ ਵਿੱਚ ਵੱਖ-ਵੱਖ ਥਾਵਾਂ ’ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਲੰਗਰ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰ ਇਸ ਸਾਲ ਕੋਵਿਡ-19 ਦੇ ਕਾਰਨ ਪੈਦਾ ਹੋਈ ਸਥਿਤੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਪ੍ਰਸ਼ਾਸਨ ਅਤੇ ਧਾਰਮਿਕ ਸੰਗਠਨਾਂ ਦੇ ਨਾਲ ਗੱਲਬਾਤ ਕਰਕੇ ਕੁਝ ਫੈਸਲੇ ਗਏ ਹਨ ਹੈ, ਜਿਸ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਮੇਲਿਆਂ ਦੇ ਦੌਰਾਨ ਕੇਵਲ ਕੁਝ ਚੁਣੀਆਂ ਹੋਈਆਂ ਥਾਵਾਂ ਜਿਵੇਂ ਕਿ ਧਰਮਸ਼ਾਲਾ ਜਾਂ ਖੁੱਲ੍ਹੇ ਮੈਦਾਨ ਵਿੱਚ ਹੀ ਲੰਗਰ ਲਗਾਉਣ ਦੀ ਆਗਿਆ ਐਸ.ਡੀ.ਐਮ ਹੁਸ਼ਿਆਰਪੁਰ ਵਲੋਂ (ਨਿਰਧਾਰਤ ਪ੍ਰੋਫਾਰਮੇ ਵਿੱਚ) ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਗਰ ਪ੍ਰਬੰਧਕਾਂ ਵਲੋਂ ਲੰਗਰ ਵਾਲੀਆਂ ਥਾਵਾਂ ’ਤੇ ਕੋਵਿਡ-19 ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨ ਦੇ ਲਈ ਇਕ ਕੋਵਿਡ ਮਾਨੀਟਰ ਨਿਯੁਕਤ ਕੀਤਾ ਜਾਵੇਗਾ, ਜਿਸ ਦੇ ਨਾਮ ਦੇ ਬਾਰੇ ਵਿੱਚ ਪ੍ਰਬੰਧਕਾਂ ਵਲੋਂ ਐਸ.ਡੀ.ਐਮ ਹੁਸ਼ਿਆਰਪੁਰ ਨੂੰ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਜ਼ਿਲ੍ਹੇ ਦੀਆਂ ਹੱਦਾਂ ਦੇ ਅੰਦਰ ਆਉਂਦੇ ਰਸਤੇ ਦੇ ਦੋਵੇਂ ਪਾਸੇ ਕਿਸੇ ਵੀ ਤਰ੍ਹਾਂ ਦਾ ਕੋਈ ਕੀਰਤਨ, ਸਤਿਸੰਗ, ਜਾਗਰਣ ਜਾਂ ਹੋਰ ਇਕੱਠ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ। ਸੜਕ ਦੇ ਦੋਵੇਂ ਪਾਸੇ ਨਿਰਧਾਰਤ ਸਥਾਨ ’ਤੇ ਕੋਈ ਵੀ ਡੀ.ਜੇ ਆਦਿ ਵਜਾਉਣ ’ਤੇ ਪੂਰਨ ਪਾਬੰਦੀ ਰਹੇਗੀ, ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਅਤੇ ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਸੰਯੁਕਤ ਰੂਪ ਵਿੱਚ ਟੀਮਾ ਗਠਿਤ ਕਰਕੇ ਇਸ ਸਬੰਧੀ ਬਣਦੀ ਕਾਰਵਾਈ ਕਰਨਾ ਯਕੀਨੀ ਬਣਾਏਗਾ।
ਅਪਨੀਤ ਰਿਆਤ ਨੇ ਕਿਹਾ ਕਿ ਐਸ.ਡੀ.ਐਮ ਹੁਸ਼ਿਆਰਪੁਰ ਵਲੋਂ ਲੰਗਰ ਸਥਾਨ ’ਤੇ ਸੈਕਟਰ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ ਹਰ ਲੰਗਰ ਸਥਾਨ ’ਤੇ ਲੋੜ ਦੇ ਅਨੁਸਾਰ ਪੁਲਿਸ ਬਲ (ਸਹਿਤ ਲੇਡੀ ਪੁਲਿਸ) ਤਾਇਨਾਤ ਕੀਤੇ ਜਾਣਗੇ। ਸਿਵਲ ਸਰਜਨ ਹੁਸ਼ਿਆਰਪੁਰ ਮੇਲੇ ਦੇ ਦੌਰਾਨ ਲਗਾਏ ਜਾ ਰਹੇ ਲੰਗਰ ਵਾਲੀਆਂ ਥਾਵਾਂ ’ਤੇ ਲੰਗਰ ਦੀ ਚੈਕਿੰਗ ਦੇ ਲਈ ਜ਼ਰੂਰੀ ਮੈਡੀਕਲ ਟੀਮਾਂ ਅਤੇ ਐਂਬੂਲੈਂਸ ਵੈਨ ਤਾਇਨਾਤ ਕਰਨਗੇ। ਇਸ ਤੋਂ ਇਲਾਵਾ ਮੇਲੇ ਦੇ ਦੌਰਾਨ ਜ਼ਰੂਰੀ ਦਵਾਈਆਂ ਦਾ ਪ੍ਰਬੰਧ, ਮੈਡੀਕਲ ਸਟੋਰ ਦੀ ਵਿਵਸਥਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਨਿਪਟਣ ਦੇ ਲਈ ਐਮਰਜੈਂਸੀ ਵਾਰਡ ਤਿਆਰ ਰੱਖਣਗੇ ਅਤੇ ਐਮਰਜੈਂਸੀ ਦੇ ਲਈ ਇਕ ਐਂਬੂਲੈਂਸ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਪਬਲਿਕ ਹੈਲਥ ਵਿਭਾਗ ਅਤੇ ਕਮਿਸ਼ਨਰ ਨਗਰ ਨਿਗਮ ਮੇਲੇ ਦੇ ਦੌਰਾਨ ਸ਼ਰਧਾਲੂਆਂ ਦੇ ਪ੍ਰਯੋਗ ਦੇ ਲਈ ਟੈਂਪਰੇਰੀ ਪਖਾਨੇ ਦਾ ਪ੍ਰਬੰਧ ਕਰਨਗੇ। ਜਾਰੀ ਹੁਕਮਾਂ ਵਿੱਚ ਉਲ੍ਹਾਂ ਕਿਹਾ ਕਿ ਐਸ.ਐਸ.ਪੀ ਹੁਸ਼ਿਆਰਪੁਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਦੇ ਲਈ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਨਗੇ ਅਤੇ ਇਸ ਦੇ ਨਾਲ ਹੀ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਹੁਸ਼ਿਆਰਪੁਰ ਨਾਲ ਤਾਲਮੇਲ ਯਕੀਨੀ ਬਣਾਉਣਗੇ। ਐਮਰਜੈਂਸੀ ਦੀ ਸਥਿਤੀ ਵਿੱਚ ਜੇਕਰ ਰਿਕਵਰੀ ਵੈਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਸ ਦਾ ਵੀ ਪ੍ਰਬੰਧ ਆਪਣੇ ਪੱਧਰ ’ਤੇ ਕਰਨਗੇ। ਇਸ ਤੋਂ ਇਲਾਵਾ ਸਹਾਇਕ ਆਬਕਾਰੀ ਕਮਿਸ਼ਨਰ ਹੁਸ਼ਿਆਰਪੁਰ ਰੇਂਜ ਮੇਲੇ ਦੇ ਦੌਰਾਨ ਮਾਤਾ ਚਿੰਤਪੂਰਨੀ ਰੋਡ ’ਤੇ ਆਉਣ ਵਾਲੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣਾ ਯਕੀਨੀ ਬਣਾਉਣਗੇ।