ਪੈਨਸ਼ਨ ਬਹਾਲੀ ਰੈਲੀ ‘ਚ ਹਜ਼ਾਰਾਂ ਸਾਥੀ ਹੋਣਗੇ ਸਾਮਲ: ਸੁਖਜੀਤ ਪਾਲ ਸਿੰਘ

ਪੁਰਾਣੀ ਪੈਨਸ਼ਨ ਐੱਮਐੱਲਏ ਦੀ ਚਾਲੂ ਤੇ ਕਰਮਚਾਰੀ ਵਰਗ ਦੀ ਬੰਦ ਸਰਕਾਰਾਂ ਦਾ ਦੋਹਰਾ ਕਿਰਦਾਰ: ਢੰਡੇ, ਛੋਕਰ

ਸੰਗਰੂਰ 22 ਅਗਸਤ 2021: ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁੱਖ ਮੰਤਰੀ ਪੰਜਾਬ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ 24 ਅਗਸਤ ਨੂੰ ਮਹਾਂ ਰੋਸ਼-ਰੈਲੀ ਕਰਨ ਦਾ ਐਲਾਨ ਕੀਤਾ ਹੈ। 

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਪਾਲ ਸਿੰਘ, ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ, ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਅਤੇ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਥੇਬੰਦੀ ਵੱਲੋਂ ਕੀਤੇ ਰੋਸ ਪ੍ਰਦਰਸ਼ਨਾਂ ਸਦਕਾ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗਾਂ ਹੋਈਆਂ, ਪਰ ਇਹਨਾਂ ਮੀਟਿੰਗਾਂ ਦਾ ਕੋਈ ਸਿੱਟਾ ਅਜੇ ਤੱਕ ਨਹੀਂ ਨਿਕਲ ਸਕਿਆ, ਜਿਸ ਕਾਰਨ ਸੂਬੇ ਭਰ ਦੇ 1 ਲੱਖ 65 ਹਜਾਰ ਦੇ ਕਰੀਬ ਐੱਨਪੀਐੱਸ ਤਹਿਤ ਭਰਤੀ ਰੈਗੂਲਰ ਮੁਲਾਜਮਾਂ ਅੰਦਰ ਸਖ਼ਤ ਦਾ ਰੋਸ ਹੈ। ਜਿਸਦੇ ਚੱਲਦਿਆਂ ਜਥੇਬੰਦੀ ਵੱਲੋਂ ਸੂਬਾ ਸਰਕਾਰ ਨੂੰ ਵਾਅਦਾ ਯਾਦ ਦਿਵਾਊ ਰੈਲੀ ਪਟਿਆਲਾ ਵਿਖੇ ਕੀਤੀ ਜਾ ਰਹੀ ਹੈ। 

ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜੀਤ ਪਾਲ ਸਿੰਘ ਅਤੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਇਸ ਰੈਲੀ ਵਿੱਚ ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਜੀ ਸਮੇਤ ਉੱਘੀਆਂ ਸ਼ਖਸ਼ੀਅਤਾਂ ਅਤੇ ਗਵਾਂਢੀ ਸੂਬੇ ਹਰਿਆਣਾ, ਹਿਮਾਚਲ, ਉੱਤਰਾਖੰਡ, ਰਾਜਸਥਾਨ ਅਤੇ ਦਿੱਲੀ ਤੋਂ ਨੈਸ਼ਨਲ ਮੂਵਮੈਂਟ ਆਫ ਓਲਡ ਪੈਨਸ਼ਨ ਸਕੀਮ ਦੇ ਆਗੂ ਅਤੇ ਮੈਂਬਰ ਵਿਸ਼ੇਸ਼ ਤੌਰ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੈਲੀ ਦਾ ਸਮਰਥਨ ਕਰਨ ਲਈ ਪਹੁੰਚ ਰਹੇ ਹਨ। ਇਸ ਸਬੰਧੀ ਸਮੂਹ ਮੁਲਾਜਮਾਂ ਅੰਦਰ ਲੋਕ ਹਿਤੈਸ਼ੀ ਤੇ ਸੰਘਰਸ਼ੀ ਯੋਧਿਆਂ ਨੂੰ ਦੇਖਣ ਅਤੇ ਸੁਣਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਰੈਲੀ ਇੱਕ ਇਤਿਹਾਸਕ ਰੈਲੀ ਹੋਵੇਗੀ।

ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਕਿਹਾ ਕਿ 2017 ਨੂੰ ਵੋਟਾਂ ਸਮੇਂ ਮੌਜੂਦਾ ਕਾਂਗਰਸ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਦੇ ਘਰ ਜਾ ਕੇ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ। ਇਸ ਤੋਂ ਇਲਾਵਾ ਸਥਾਨਕ ਸਰਕਾਰਾ ਮੰਤਰੀ ਬ੍ਰਿਹਮ ਮਹਿੰਦਰਾ ਨੇ ਵੀ ਪਟਿਆਲ਼ਾ ਰੈਲੀ ‘ਚ ਸਰਕਾਰ ਬਣਨ ‘ਤੇ ਪੈਨਸ਼ਨ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਕਾਂਗਰਸ ਸਰਕਾਰ ਨੇ ਹਾਲੇ ਤੱਕ ਜਦੋਂ ਕਿ ਸਰਕਾਰ ਦੇ ਸੱਤਾ ‘ਚ ਕੁੱਝ ਮਹੀਨੇ ਹੀ ਰਹਿੰਦੇ ਹਨ ਆਪਣਾ ਵਾਅਦਾ ਪੂਰਾ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਆਪਣੇ ਨੁਮਾਇੰਦਿਆਂ ਦੀ ਪੈਨਸ਼ਨ ਤਾਂ ਬਹਾਲ ਰੱਖ ਕੇ ਤੇ ਕਰਮਚਾਰੀਆਂ ਦੀ ਬੰਦ ਕਰਕੇ ਲੋਕ-ਤੰਤਰ ਦੀ ਰੂਹ ਦਾ ਕਤਲ ਕੀਤਾ ਹੈ । ਲੋਕਤੰਤਰ ‘ਚ ਲੋਕ ਰਾਜ ਹਿੱਤ ਨਾਲ਼ੋਂ ਲੋਕ ਹਿੱਤ ਨੂੰ ਹਮੇਸ਼ਾ ਪਹਿਲ ਹੁੰਦੀ ਹੈ। 

ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਕਿਹਾ ਕਿ ਸੀਪੀਐਫ ਕਰਮਚਾਰੀ ਯੂਨੀਅਨ ਨੇ ਨਵੀਂ ਪੈਨਸ਼ਨ ਸਕੀਮ ਦੀਆਂ ਕਮੀਆਂ ਦੱਸਦੇ ਹੋਏ ਸਰਕਾਰ ਅੱਗੇ ਦਲੀਲਾਂ ਦੇ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਸੀ, ਪਰ ਕਾਂਗਰਸ ਜਦੋਂ ਹੁਣ ਸੱਤਾ ਵਿੱਚ ਹੈ, ਉਸ ਸਮੇਂ ਪੈਨਸ਼ਨ ਬਹਾਲੀ ਦੀ ਮੰਗ ਪੂਰੀ ਨਹੀਂ ਕਰ ਰਹੀ, ਪਰ ਜਦੋਂ ਵਿਰੋਧੀ ਧਿਰ ‘ਚ ਸੀ ਉਸ ਸਮੇਂ ਸਰਕਾਰ ਬਣਨ ਤੇ ਪੈਨਸ਼ਨ ਬਹਾਲ ਕਰਨ ਦੀ ਗੱਲ ਕਰਦੀ ਸੀ। ਰਾਜਨੀਤਿਕ ਪਾਰਟੀਆਂ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਤੇ ਬਾਅਦ ‘ਚ ਸਿਰਫ ਲਾਰਿਆਂ ਨਾਲ ਹੀ ਲਗਾਏ ਜਾਂਦੇ ਹਨ। ਸਰਕਾਰਾਂ ਦੁਆਰਾ ਜਨਵਰੀ 2004 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਦੀ ਪੈਨਸ਼ਨ ਬਹਾਲ ਕਰਨ ਵਿੱਚ ਅਸਫਲਤਾ ਬਹੁਤ ਵੱਡੀ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵਿਰੋਧੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਸਰਕਾਰ ਬਣਨ 'ਤੇ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰ ਰਹੀ ਹੈ, ਪਰ ਪੰਜਾਬ ‘ਚ ਜਿੱਥੇ ਕਾਂਗਰਸ ਸਰਕਾਰ ਸੱਤਾ ‘ਚ ਹੈ ਉੱਥੇ ਬਹਾਲ ਨਹੀਂ ਕੀਤੀ ਜਾ ਰਹੀ।  

ਆਗੂਆਂ ਨੇ ਕਿਹਾ ਕਿ ਸੀਪੀਐੱਫ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਕੀਤੀ ਜਾ ਰਹੀ ਰੈਲੀ ‘ਚ ਹਜ਼ਾਰਾਂ ਦੀ ਗਿਣਤੀ ‘ਚ ਕਰਮਚਾਰੀ, ਕਿਸਾਨ, ਮਜ਼ਦੂਰ ਅਤੇ ਸਰਕਾਰਾਂ ਦੇ ਸਤਾਏ ਹੋਏ ਹਰ ਵਰਗ ਦੇ ਲੋਕ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਪੰਜਾਬ ਦਾ ਹਰ ਵਰਗ ਸਰਕਾਰਾਂ ਦੇ ਖ਼ਿਲਾਫ਼ ਮਿਲ ਕੇ ਲੜੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਤੋਂ ਵੀ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਭਰਾਤਰੀ ਜਥੇਬੰਦੀਆਂ ਦੇ ਕਾਫਲੇ ਇਸ ਰੈਲੀ ਵਿੱਚ ਹਿੱਸਾ ਲੈਣਗੇ ਅਤੇ ਸਰਕਾਰ ਨੂੰ ਵਾਅਦਾ ਯਾਦ ਦਿਵਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਜਲਦ ਤੋਂ ਜਲਦ ਕਰਵਾਉਣ ਲਈ ਮਜਬੂਰ ਕਰਨਗੇ।