ਹੁਸ਼ਿਆਰਪੁਰ, 23 ਅਗਸਤ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨ ਜੋ ਪ੍ਰਤੀਯੋਗੀ ਪ੍ਰੀਖਿਆ ਲਈ ਕੋਚਿੰਗ ਲੈਣ ਦੇ ਚਾਹਵਾਨ ਹਨ, ਉਨ੍ਹਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਸ.ਐਸ.ਸੀ., ਬੈਂਕ, ਪੀ.ਓ. ਕਲੈਰੀਕਲ, ਆਰ.ਆਰ.ਬੀ., ਸੀ.ਈ.ਟੀ., ਪੀ.ਪੀ.ਐਸ.ਸੀ., ਪੀ.ਐਸ.ਐਸ.ਬੀ. ਅਤੇ ਹੋਰ ਵਿਭਾਗੀ ਪ੍ਰੀਖਿਆ ਲਈ ਆਉਣ ਵਾਲੇ ਦਿਨਾਂ ਵਿਚ ਇਕ ਲੱਖ ਨੌਜਵਾਨਾਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੋਚਿੰਗ ਤਹਿਤ ਪੁਲਿਸ ਕਾਂਸਟੇਬਲ ਅਤੇ ਕਲੈਰੀਕਲ ਆਸਾਮੀਆਂ ਲਈ ਪਹਿਲਾ ਬੈਚ ਸਤੰਬਰ 2021 ਦੇ ਪਹਿਲੇ ਹਫ਼ਤੇ ਸ਼ੁਰੂ ਹੋ ਰਿਹਾ ਹੈ। ਇਸ ਬੈਚ ਵਿਚ ਪੁਲਿਸ ਕਾਂਸਟੇਬਲ ਲਈ ਬਾਹਰਵੀਂ ਪਾਸ ਅਤੇ ਕਲੈਰੀਕਲ ਲਈ ਗ੍ਰੈਜੂਏਸ਼ਨ ਪਾਸ ਉਮੀਦਵਾਰ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ। ਚਾਹਵਾਲ ਉਮੀਦਵਾਰ ਆਨਲਾਈਨ ਕੋਚਿੰਗ ਦਾ ਲਾਭ ਲੈਣ ਲਈ ਵੈਬਸਾਈਟ https://www.eduhttp://xn--phere-ffm.com/freegovtexams ’ਤੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਟਰੀਮ ਵਿਚ ਗ੍ਰੈਜੂਏਟ ਉਮੀਦਵਾਰ ਅਤੇ ਅੰਡਰ ਗ੍ਰੈਜੂਏਟ ਉਮੀਦਵਾਰ ਜੇਕਰ ਉਹ ਕਿਸੇ ਕੇਂਦਰ, ਸੂਬੇ ਦੀ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਯੋਗ ਹਨ ਤਾਂ ਕਲਾਸਾਂ ਲਈ ਖੁਦ ਨੂੰ ਰਜਿਸਟਰ ਕਰਵਾ ਸਕਦੇ ਹਨ।
ਅਪਨੀਤ ਰਿਆਤ ਨੇ ਦੱਸਿਆ ਕਿ ਹਰ ਬੈਚ ਦੀ ਸਮੇਂ ਸੀਮਾ ਘੱਟ ਤੋਂ ਘੱਟ ਚਾਰ ਮਹੀਨੇ ਦੀ ਹੋਵੇਗੀ ਅਤੇ ਕੋਚਿੰਗ ਹਫ਼ਤੇ ਦੇ 6 ਦਿਨ 1.30 ਘੰਟੇ ਦੇ ਦੋ ਸੈਸ਼ਨਾਂ ਵਿਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਾਰਥੀਆਂ ਦੇ ਡਾਊਟ ਕਲੀਅਰ ਕਰਨ ਲਈ ਮਾਹਰਾਂ ਦਾ ਸਪਤਾਹਿਕ ਲਾਈਵ ਸੈਸ਼ਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੁੱਖ ਉਦੇਸ਼ ਸਾਰੇ ਨੌਜਵਾਨਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਬੇਹਤਰ ਢੰਗ ਨਾਲ ਤਿਆਰ ਕਰਨਾ ਹੈ ਤਾਂ ਜੋ ਉਹ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਉਨ੍ਹਾਂ ਜਿਲ੍ਹੇ ਦੇ ਯੋਗ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ੇ ਮਾਹਿਰਾਂ ਪਾਸੋਂ ਅਗਵਾਈ ਹਾਸਲ ਕਰਨ ਲਈ ਇਨ੍ਹਾਂ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਲਈ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ।