ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਾਂ ਅਤੇ ਸੁਰੱਖਿਆਂ ਪੱਖੋਂ ਡਿਪਟੀ ਕਮਿਸ਼ਨਰ ਨੇ ਪੁਲਿਸ, ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਸਮੂਹ ਐਸ.ਡੀ.ਐਮਜ਼ ਦੇ ਨਾਲ ਕੀਤੀ ਮੀਟਿੰਗ

ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਪ੍ਰਬੰਧ ਅਗੇਤੇ ਤੌਰ ’ਤੇ ਕਰਨ ਦੇ ਦਿੱਤੇ ਨਿਰਦੇਸ਼
ਹਰ ਪ੍ਰੀਖਿਆ ਕੇਂਦਰ ’ਚ ਸਿਵਲ ਅਤੇ ਪੁਲਿਸ ਅਧਿਕਾਰੀ ਬਤੌਰ ਅਬਜਰਵਰ ਰਹਿਣਗੇ ਤਾਇਨਾਤ
ਸਿਵਲ ਸਰਜਨ ਨੂੰ ਸਾਰੇ ਪ੍ਰੀਖਿਆ ਕੇਂਦਰਾਂ ’ਚ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 05 ਅਗਸਤ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ 8 ਅਗਸਤ ਨੂੰ ਮਾਲ ਪਟਵਾਰੀ, ਜ਼ਿਲੇਦਾਰ ਅਤੇ ਨਹਿਰੀ ਪਟਵਾਰੀ ਦੀ ਭਰਤੀ ਦੇ ਲਈ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਦੇ ਲਈ ਪ੍ਰਬੰਧਾਂ, ਸੁਰੱਖਿਆ ਸਬੰਧੀ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਸਮੂਹ ਐਸ.ਡੀ.ਐਮਜ਼ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਦੌਰਾਨ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਅਗੇਤੇ ਤੌਰ ’ਤੇ ਪੂਰੇ ਕਰਨ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8 ਅਗਸਤ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਜ਼ਿਲ੍ਹੇ ਦੇ 18 ਪ੍ਰੀਖਿਆ ਕੇਂਦਰਾਂ ਵਿੱਚ ਸਬੰਧਤ ਪੋਸਟਾਂ ਦੀ ਭਰਤੀ ਦੇ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਹੋਵੇਗਾ। ਉਨ੍ਹਾਂ ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ 7 ਅਗਸਤ ਤੋਂ ਹੀ ਪ੍ਰੀਖਿਆ ਕੇਂਦਰਾਂ ਵਿੱਚ ਸੁਰੱਖਿਆ ਦਾ ਪੁਖਤਾ ਪ੍ਰਬੰਧ ਯਕੀਨੀ ਬਣਾਉਣ। ਇਸ ਤੋਂ ਇਲਾਵਾ ਸਾਰੇ ਪ੍ਰੀਖਿਆ ਕੇਂਦਰਾਂ ਵਾਲੇ ਸਥਾਨਾਂ ’ਤੇ ਪ੍ਰੀਖਿਆਰਥੀਆਂ ਅਤੇ ਹੋਰ ਲੋਕਾਂ ਦੀ ਸੁਵਿਧਾ ਦੇ ਲਈ ਟਰੈਫਿਕ ਕੰਟਰੋਲ ਦਾ ਉਚਿਤ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੰਡਿਤ ਜੇ.ਆਰ. ਪੋਲੀਟੈਕਨਿਕ ਕਾਲਜ ਨੂੰ ਨੋਡਲ ਸੈਂਟਰ ਬਣਾਇਆ ਗਿਆ ਹੈ, ਇਸ ਲਈ ਇਸ ਸੈਂਟਰ ’ਤੇ ਵਿਸ਼ੇਸ਼ ਸੁਰੱਖਿਆ ਵਿਵਸਥਾ ਯਕੀਨੀ ਬਣਾਏ ਜਾਵੇ।
ਅਪਨੀਤ ਰਿਆਤ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਨੂੰ ਸਰਕਲ ਵਿੱਚ ਵੰਡਦੇ ਹੋਏ ਹਰ ਸਰਕਲ ਵਿੱਚ ਇਕ ਸਿਵਲ ਅਤੇ ਪੁਲਿਸ ਅਧਿਕਾਰੀ ਨੂੰ ਸਰਕਲ ਇੰਚਾਰਜ ਅਤੇ ਹਰ ਪ੍ਰੀਖਿਆ ਕੇਂਦਰ ਵਿੱਚ ਇਕ ਸਿਵਲ ਅਤੇ ਪੁਲਿਸ ਅਧਿਕਾਰੀ ਨੂੰ ਅਬਜਰਵਰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਸਿਵਲ ਸਰਜਨ ਨੂੰ ਪ੍ਰੀਖਿਆ ਦੇ ਦੌਰਾਨ ਕੋਵਿਡ-19 ਸਬੰਧੀ ਸਿਹਤ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਹਦਾਇਤ ਕਰਦਿਆਂ ਪ੍ਰੀਖਿਆ ਕੇਂਦਰਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਐਂਬੂਲੈਂਸ ਦੀ ਵਿਵਸਥਾ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਪ੍ਰੀਖਿਆ ਵਾਲੇ ਦਿਨ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਵਿਵਸਥਾ ’ਤੇ ਪੂਰੀ ਨਿਗਰਾਨੀ ਰੱਖਣਗੇ ਅਤੇ ਯਕੀਨੀ ਬਣਾਉਣਗੇ ਕਿ ਪ੍ਰੀਖਿਆ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਸਾਹਮਣੇ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਰਤੀ ਪ੍ਰੀਖਿਆ ਦੇ ਲਈ ਜ਼ਿਲ੍ਹੇ ਵਿੱਚ 18 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ ਹੁਸ਼ਿਆਰਪੁਰ, ਦੋਆਬਾ ਪਬਲਿਕ ਸਕੂਲ ਦੋਹਲਰੋਂ ਮਾਹਿਲਪੁਰ, ਸੈਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਹੁਸ਼ਿਆਰਪੁਰ, ਚੌਧਰੀ ਬਲਵੀਰ ਸਿੰਘ ਪਬਲਿਕ ਸਕੂਲ ਆਰਿਆ ਸਮਾਜ ਰੋਡ ਹੁਸ਼ਿਆਰਪੁਰ, ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਪਿੰਡ ਬੋਹਣ ਚੰਡੀਗੜ੍ਹ ਰੋਡ ਹੁਸ਼ਿਆਰਪੁਰ, ਗੁਰੂ ਨਾਨਕ ਇੰਸਟੀਚਿਊਟ ਆਫ ਇੰਜੀਨੀਰਿੰਗ ਐਂਡ ਮੈਨੇਜਮੈਂਟ ਪਿੰਡ ਨੌਸ਼ਹਿਰਾ ਹਰਿਆਣਾ- ਢੋਲਵਾਹਾ ਰੋਡ ਹਰਿਆਣਾ, ਗੁਰੂ ਨਾਨਕ ਇੰਸਟੀਚਿਊਟ ਆਫ ਫਾਰਮੇਸੀ ਪਿੰਡ ਡੱਲੇਵਾਲ ਹਰਿਆਣਾ, ਗੁਰੂ ਨਾਨਕ ਇੰਸਟੀਚਿਊਟ ਆਫ ਟੈਕਨਾਲੋਜੀ ਪਿੰਡ ਢੱਲੇਵਾਲ ਹਰਿਆਣਾ, ਗੁਰੂ ਨਾਨਕ ਇੰਸਟੀਚਿਊਟ ਆਫ ਐਜੂਕੇਸ਼ਨ ਪਿੰਡ ਡੱਲੇਵਾਲ ਹਰਿਆਣਾ, ਰਿਆਤ ਬਾਹਰਾ ਗਰੁੱਪ ਆਫ ਇੰਸਟੀਟਿਊਸ਼ਨਸ ਪਿੰਡ ਬੋਹਣ ਚੰਡੀਗੜ੍ਹ ਰੋਡ ਹੁਸ਼ਿਆਰਪੁਰ, ਡੀ.ਏ.ਵੀ ਕਾਲਜ ਚੰਡੀਗੜ੍ਹ ਰੋਡ ਹੁਸ਼ਿਆਰਪੁਰ, ਐਸ.ਡੀ.ਕਾਲਜ ਹੁਸ਼ਿਆਰਪੁਰ, ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਆਰਿਆ ਸਮਾਜ ਰੋਡ ਹੁਸ਼ਿਆਰਪੁਰ, ਐਸ.ਜੀ.ਜੀ.ਐਸ ਖਾਲਸਾ ਕਾਲਜ ਮਾਹਿਲਪੁਰ, ਜੀ.ਜੀ.ਡੀ.ਐਸ.ਡੀ ਕਾਲਜ ਹਰਿਆਣਾ ਹੁਸ਼ਿਆਰਪੁਰ, ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਸ਼ਾਮਲ ਹਨ।