ਜਲੰਧਰ 3 ਅਗਸਤ - ਲਾਇਲਪੁਰ ਖਾਲਸਾ ਕਾਲਜ, ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਵਚਨਬਧ ਹੈ। ਇਸੇ ਕਰਕੇ ਇਥੋਂ ਦੇ ਵਿਦਿਆਰਥੀ ਅਕਾਦਮਿਕ ਖੇਤਰ, ਖੇਡਾਂ, ਕਲਚਰਲ ਤੇ ਸਾਹਿਤਕ ਖੇਤਰ ਵਿੱਚ ਉੱਚ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ। ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਤੇ ਉੱਚ ਪ੍ਰਾਪਤੀਆਂ ਕਰਨ ਵਾਲੇ ਕਾਲਜ ਦੇ ਵਿਦਿਆਰਥੀ ਅੰਕਿਤ ਕੁਮਾਰ ਦੀ ਚੌਥੀ ਵਿਸ਼ਵ ਡੇਫ਼ ਅਥਲੈਟਿਕਸ ਚੈਂਪੀਅਨਸ਼ਿਪ, ਜੋ ਕਿ 23 ਤੋਂ 28 ਅਗਸਤ 2021 ਨੂੰ ਲੁਬਿਨ, ਪੋਲੈਂਡ ਵਿਖੇ ਸ਼ੁਰੂ ਹੋ ਰਹੀ ਹੈ, ਵਾਸਤੇ 100 ਮੀਟਰ ਅਤੇ 200 ਮੀਟਰ ਦੌੜ ਲਈ ਚੋਣ ਹੋਈ ਹੈ। ਵਿਦਿਆਰਥੀ ਦੀ ਇਸ ਚੋਣ ਲਈ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੁਆਰਾ ਵਿਦਿਆਰਥੀ ਖਿਡਾਰੀ ਅੰਕਿਤ ਕੁਮਾਰ ਨੂੰ ਕਾਲਜ ਵਲੋਂ 5000/- ਰੁਪਏ ਦੀ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਗਈ। ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀ ਅੰਕਿਤ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਸਾਡੇ ਹੋਣਹਾਰ ਤੇ ਮਿਹਨਤੀ ਖਿਡਾਰੀ ਜਿੱਥੇ ਸਖ਼ਤ ਮਿਹਨਤ ਕਰਦੇ ਹਨ, ਉੱਥੇ ਇਨ੍ਹਾਂ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਨ ਲਈ ਕਾਲਜ ਵਲੋਂ ਬਿਹਤਰੀਨ ਖੇਡ ਮੂਲ ਢਾਂਚਾ, ਤੇ ਵਿਸ਼ਵ ਪੱਧਰੀ ਕੋਚਿੰਗ ਦਿੱਤੀ ਜਾਂਦੀ ਹੈ, ਜਿਸ ਸਦਕਾ ਉਹ ਅੰਤਰ ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖਿਡਾਰੀ ਅੰਕਿਤ ‘ਤੇ ਮਾਣ ਹੈ ਕਿ ਉਹ ਕਾਲਜ ਵਲੋਂ ਇਨ੍ਹਾਂ ਵਿਸ਼ਵ ਖੇਡਾਂ ਵਿੱਚ 100 ਮੀਟਰ ਤੇ 200 ਮੀਟਰ ਦੌੜ ਵਿੱਚ ਭਾਰਤ ਦੀ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਖੇਡਾਂ, ਪੜ੍ਹਾਈ ਤੇ ਕਲਚਰਲ ਦੇ ਖੇਤਰ ਵਿੱਚ ਸਰਵੋਤਮ ਦਰਜ਼ੇ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਲੋਂ ਫਰੀ ਰਿਹਾਇਸ਼, ਖਾਣਾ, ਕੋਚਿੰਗ ਅਤੇ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਲ 2021-22 ਲਈ ਵਿਦਿਆਰਥੀਆਂ ਨੂੰ 2.5 ਕਰੋੜ ਸਕਾਲਰਸ਼ਿਪ ਦੇਣਾ ਮਿੱਥਿਆ ਗਿਆ ਹੈ । ਇਸ ਮੌਕੇ ਡਾ. ਐਸ.ਐਸ.ਬੈਂਸ ਡੀਨ ਸਪੋਰਟਸ, ਕੋਚ ਸਰਬਜੀਤ ਸਿੰਘ ਅਤੇ ਵਿਦਿਆਰਥੀ ਦੇ ਪਿਤਾ ਜੀ ਵੀ ਹਾਜ਼ਰ ਸਨ।