ਰੂਪਨਗਰ, 18 ਅਗਸਤ:- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ: ਮੋਹਨ ਲਾਲ ਸੂਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਕਾਰਪੋਰੇਸ਼ਨ ਪਾਸੋਂ ਮਿਤੀ 31 ਅਗਸਤ, 2021 ਤੱਕ ਕਰਜਾ ਲੈਣ ਵਾਲੇ ਸਮੂਹ ਕਰਜਦਾਰਾਂ ਦਾ ਪੰਜਾਹ ਹਜ਼ਾਰ ਰੁਪਏ ਤੱਕ ਦਾ ਕਰਜਾ ਮਾਫ ਕਰਨ ਦਾ ਐਲਾਨ ਕਰਕੇ ਲੱਗਭੱਗ 10151 ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਰਜਦਾਰਾਂ ਨੂੰ 41.48 ਕਰੋੜ ਰਪਏ ਦੀ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਇਸ ਫੈਸਲੇ ਦਾ ਚੇਅਰਮੈਨ, ਇੰਜ: ਸੂਦ ਵਲੋਂ ਸਵਾਗਤ ਕੀਤਾ ਹੈ ਕਰਦਿਆਂ ਲੋਕ ਪੱਖੀ ਫੈਸਲਾ ਲੈਣ ਤੇ ਧੰਨਵਾਦ ਕੀਤਾ ਹੈ।
ਚੇਅਰਮੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਵਲੋਂ ਵਿਸ਼ੇਸ਼ ਤੌਰ ਤੇ ਮਾਨਯੋਗ ਮੁੱਖ ਮੰਤਰੀ ਨੂੰ 28 ਜੁਲਾਈ, 2021 ਨੂੰ ਇਕ ਡੀ.ਓ. ਪੱਤਰ ਲਿਖ ਕੇ ਅਤਿ ਮਹੱਤਵਪੂਰਨ ਮੁੱਦਾ ਧਿਆਨ ਵਿਚ ਲਿਆਂਦਾ ਸੀ ਕਿ ਜਿਵੇਂ ਪੰਜਾਬ ਸਰਕਾਰ ਵਲੋਂ ਰਾਜ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਰਾਹਤ ਦਿੱਤੀ ਗਈ ਹੈ, ਉਸੇ ਤਰਜ `ਤੇ ਅਨੁਸੂਚਿਤ ਜਾਤੀਆਂ ਦੇ ਗਰੀਬ ਲੋਕਾਂ ਦਾ ਕਰਜਾ ਵੀ ਮਾਫ ਕੀਤਾ ਜਾਵੇ ਕਿਉਂਕਿ ਕਰੋਨਾ ਦੀ ਦੀ ਮਹਾਮਾਰੀ ਦੌਰਾਨ ਛੋਟੇ ਕਾਰੋਬਾਰੀ ਜ਼ੋ ਕਰਜਾ ਚੁੱਕ ਦੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੇ ਸੀ, ਬੁਰੀ ਤਰਾਂ ਪ੍ਰਭਾਵਤ ਹੋਏ ਹਨ। ਜਿਸ `ਤੇ ਮਾਨਯੋਗ ਮੁੱਖ ਮੰਤਰੀ ਜੀ ਵਲੋਂ ਹਮਦਰਦੀ ਨਾਲ ਵਿਚਾਰ ਕਰਕੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਹੁਕਮ ਕੀਤੇ ਗਏ ਸਨ।
ਇੰਜ: ਸੂਦ ਨੇ ਇਹ ਵੀ ਦੱਸਿਆ ਕਿ ਇਸੇ ਲੜੀ ਦੇ ਤਹਿਤ ਪਹਿਲਾਂ ਵੀ ਪੰਜਾਬ ਸਰਕਾਰ ਵਲੋਂ ਕਾਰਪੋਰੇਸ਼ਨ ਪਾਸੋਂ 50,000/- ਤੱਕ ਦਾ ਕਰਜਾ ਪ੍ਰਾਪਤ ਕਰਨ ਵਾਲੇ ਕਰਜਦਾਰਾਂ ਦਾ ਕਰਜਾ ਮਾਫ ਕਰਕੇ 14260 ਕਰਜਾਦਾਰਾਂ ਨੂੰ 45.41 ਕਰੋੜ ਰੁ: ਦੀ ਭਾਰੀ ਰਾਹਤ ਦਿੱਤੀ ਗਈ ਸੀ। ਇਸ ਪ੍ਰਕਾਰ ਕੈਪਟਨ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਨੂੰ ਆਪਣੇ ਮੌਜੂਦਾ ਕਾਰਜਕਾਲ ਦੌਰਾਨ 86.89 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਕੇ ਬਹੁਤ ਵੱਡੀ ਰਾਹਤ ਦਿੱਤੀ ਹੈ, ਜਿਸ ਲਈ ਉਹ ਕੈਪਟਨ ਸਾਹਿਬ ਦੇ ਸ਼ੁਕਰਗੁਜਾਰ ਹਨ। ਇਸ ਫੈਸਲੇ ਨਾਲ ਦਲਿਤ ਸਮਾਜ ਵਿਚ ਖੁਸ਼ੀ ਦੇ ਲਹਿਰ ਦੌੜ ਗਈ
ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ: ਸੂਦ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਗਰੀਬ ਲੋਕਾਂ ਨੂੰ ਕੇਵਲ ਕਰਜੇ ਮੁਆਫੀ ਨਾਲ ਰਾਹਤ ਹੀ ਨਹੀਂ ਦਿੱਤੀ ਬਲਕਿ ਪੰਜਾਬ ਸਰਕਾਰ ਦੇ ਘਰ ਘਰ ਰੁਜਗਾਰ ਮੁਹੱਈਆਂ ਕਰਨ ਦੇ ਪ੍ਰਮੁੱਖ ਪ੍ਰੋਗਰਾਮ ਅਧੀਨ ਅਨੁਸੂਚਿਤ ਜਾਤੀਆਂ ਦੇ ਗਰੀਬ ਲਾਭਪਾਤਰੀਆਂ ਨੂੰ ਸਵੈ ਰੁਜਗਾਰ ਸ਼ੁਰੂ ਕਰਨ ਦੇ ਮੰਤਵ ਨਾਲ ਕਾਰਪੋਰੇਸ਼ਨ ਦੀਆਂ ਵੱਖ ਵੱਖ ਸਕੀਮਾਂ ਸਾਲ 2019-20 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਰਜਾ ਵੰਡ ਮੁਹਿੰਮ ਦੌਰਾਨ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁਪਏ ਦਾ ਕਰਜਾ (ਸਮੇਤ 1.35 ਕਰੋੜ ਰੁ: ਦੀ ਸਬਸਿਡੀ) ਦੇ ਕੇ ਵੱਡੀ ਉਪਲੱਬਧੀ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਕਾਰਨ ਲਾਕਡਾਊਨ ਹੋਣ ਦੇ ਬਾਵਜੂਦ ਵੀ ਸਾਲ 2020-21 ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਹਿੰਮ ਅਧੀਨ 2116 ਲਾਭਪਾਤਰੀਆਂ ਨੂੰ 22.94 ਕਰੋੜ ਦਾ ਕਰਜਾ (ਸਮੇਤ 1.65 ਕਰੋੜ ਰੁ: ਦੀ ਸਬਸਿਡੀ) ਵੰਡ ਕੇ ਇਕ ਨਵਾਂ ਮੁਕਾਮ ਹਾਸਲ ਕੀਤਾ ਗਿਆ।
ਉਨਾਂ ਨੇ ਅੱਗੇ ਦੱਸਿਆ ਕਿ ਮੌਜੂਦਾ ਵਿੱਤੀ ਨੂੰ ਦੌਰਾਨ ਕਾਰਪੋਰੇਸ਼ਨ ਆਪਣੀ ਸਥਾਪਨਾ ਦੇ 50 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਵਰ੍ਹੇ ਦੇ ਤੌਰ ਤੇ ਮਨਾ ਰਹੀ ਹੈ ਅਤੇ ਇਸ ਇਤਿਹਾਸਕ ਸਾਲ ਦੌਰਾਨ ਕਾਰਪੋਰੇਸ਼ਨ ਨੇ ਸਿੱਧਾ ਕਰਜਾ ਸਕੀਮ ਅਧੀਨ ਕਰਜ਼ੇ ਵੰਡਣ ਦਾ ਟੀਚਾ 500 ਲੱਖ ਰਪਏ ਤੋਂ ਵਧਾ ਕੇ 1000 ਲੱਖ ਕਰ ਦਿੱਤਾ ਹੈ।
ਇਸ ਸਬੰਧ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਆਯੋਜਿਤ ਕਰਕੇ ਕਰਜਦਾਰਾਂ ਨੂੰ ਕਰਜਿਆਂ ਦੇ ਮਨਜੂਰੀ ਪੱਤਰ ਵੰਡੇ ਜਾ ਰਹੇ ਹਨ ਇਨਾਂ ਪ੍ਰੋਗਰਾਮਾਂ ਦੀ ਲੜੀ ਵਿਚ ਮੁੱਲਾਂ ਪੁਰ ਦਾਖਾ, ਬੰਗਾ, ਅੰਮ੍ਰਿਤਸਰ ਅਤੇ ਰੋਪੜ ਵਿਖੇ ਪ੍ਰੋਗਰਾਮ ਵੀ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਇਸੇ ਤਰਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ।