ਭੈੜੇ ਅਨਸਰਾਂ ਖਿਲਾਫ਼ ਮੁਹਿੰਮ ਕੀਤੀ ਜਾਵੇਗੀ ਤੇਜ਼ : ਐਸ.ਐਸ.ਪੀ.

ਹੁਸ਼ਿਆਰਪੁਰ, 26 ਅਗਸਤ: ਜ਼ਿਲ੍ਹਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਦਾਤਰ ਦਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਸੋਨੇ ਅਤੇ ਚਾਂਦੀ ਦੇ ਗਹਿਣੇ, ਮੋਬਾਇਲ ਫੋਨ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਗਿਆ।
ਸਥਾਨਕ ਪੁਲਿਸ ਲਾਈਨ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਕਮਲਜੀਤ ਸਿੰਘ ਉਰਫ ਲਾਡੀ ਵਾਸੀ ਦੁਲੁਵਾਣਾ ਥਾਣਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਭੁਪਿੰਦਰ ਸਿੰਘ ਉਰਫ ਟਿੰਕੂ ਵਾਸੀ ਫੱਜੂਪੁਰ ਥਾਣਾ ਧਾਰੀਵਾਲ ਵਜੋਂ ਹੋਈ ਹੈ ਜਿਨ੍ਹਾਂ ਖਿਲਾਫ਼ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।
ਐਸ.ਐਸ.ਪੀ. ਅਮਨੀਤ ਕੌਂਡਲ ਨੇ ਭੈੜੇ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ’ਚ ਜ਼ਿਲ੍ਹਾ ਪੁਲਿਸ ਵਲੋਂ ਅਜਿਹੇ ਅਨਸਰਾਂ ਖਿਲਾਫ਼ ਮੁਹਿੰਮ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਨਾਲ ਥਾਣਾ ਦਸੂਹਾ ਵਿਚ ਦਰਜ 5 ਮੁਕਦਮੇ ਟਰੇਸ ਕੀਤੇ ਗਏ ਹਨ ਅਤੇ ਦੋਵਾਂ ਪਾਸੋਂ 2 ਸੋਨੇ ਦੀਆਂ ਚੈਨੀਆਂ, ਦੋ ਜੋੜੇ ਸੋਨੇ ਦੇ ਟਾਪਸ, ਇਕ ਜੋੜਾ ਬਾਲੀਆਂ, ਇਕ ਜੋੜਾ ਛੋਟੀਆਂ ਬਾਲੀਆਂ, ਇਕ ਮੁੰਦਰੀ, ਇਕ ਚਾਂਦੀ ਦੇ ਚੇਨ, 2 ਹਜ਼ਾਰ ਰੁਪਏ ਨਕਦ, ਮੋਬਾਇਲ ਫੋਨ, ਮੋਟਰ ਸਾਈਕਲ ਅਤੇ ਲੋਹੇ ਦੀ ਦਾਤਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ 10 ਅਗਸਤ 2021 ਨੂੰ ਨਵਨੀਤ ਕੌਰ ਵਾਸੀ ਵਾਰਡ ਨੰ: 1 ਗੋਬਿੰਦ ਨਗਰ ਦਾਰਾਪੁਰ ਟਾਂਡਾ ਤੋਂ ਦੋ ਨਾਮਾਲੂਮ ਵਿਅਕਤੀਆਂ ਨੇ ਚੇਨੀ ਖੋਹਣ ਦੇ ਨਾਲ-ਨਾਲ ਉਸ ਦੇ ਗਹਿਣੇ ਅਤੇ ਪਰਸ ਵਿਚੋਂ 2.20 ਲੱਖ ਰੁਪਏ ਅਤੇ ਮੋਬਾਇਲ ਫੋਨ ਖੋਹ ਲਿਆ ਸੀ ਜਿਸ ’ਤੇ ਥਾਣਾ ਟਾਂਡਾ ਵਿਖੇ ਮੁਕਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਦੀ ਨਿਗਰਾਨੀ ਹੇਠ ਡੀ.ਐਸ.ਪੀ. ਟਾਂਡਾ ਰਾਜ ਕੁਮਾਰ ਅਤੇ ਇੰਸਪੈਕਟਰ ਬਿਕਰਮ ਸਿੰਘ ਦੀ ਟੀਮ ਵਲੋਂ ਪੂਰੀ ਡੂੰਘਾਈ ਨਾਲ ਤਫਤੀਸ਼ ਕਰਦਿਆਂ 25 ਅਗਸਤ ਨੂੰ ਪਿੰਡ ਢਡਿਆਲਾ ਮੋੜ ਨੇੜਿਓਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਪੁੱਛਗਿਛ ਦੌਰਾਨ ਗਹਿਣੇ ਅਤੇ ਬਾਕੀ ਸਮਾਨ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਗੁਰਦਾਸਪੁਰ, ਧਾਰੀਵਾਲ, ਬਟਾਲਾ, ਕਾਹਨੂੰਵਾਨ, ਹੁਸ਼ਿਆਰਪੁਰ, ਅੰਮ੍ਰਿਤਸਰ ਆਦਿ ਥਾਵਾਂ ’ਤੇ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਮੁਕਦਮੇ ਦਰਜ਼ ਹਨ।