ਪਿਛਲੇ 5 ਸਾਲਾਂ ਤੋਂ ਕਰ ਰਹੇ ਹਨ ਜੈਵਿਕ ਖੇਤੀ

                            2 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਨਹੀਂ ਲਾਈ ਅੱਗ

                ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਕਰਦੇ ਹਨ ਸੁਚੱਜਾ ਨਿਬੇੜਾ

ਜ਼ਿਲਾ ਬਰਨਾਲਾ ਦੇ ਪਿੰਡ ਬਡਬਰ ਵਾਸੀ ਜਵੰਧਾ ਭਰਾ ਕੁਦਰਤੀ ਖੇਤੀ ਦੇ ਖੇਤਰ ਵਿੱਚ ਨਵੀਂ ਇਬਾਰਤ ਲਿਖ ਰਹੇ ਹਨ। ਕਿਸਾਨ ਭਰਾ 13 ਏਕੜ ਰਕਬੇ ’ਚ 45 ਕਿਸਮ ਦੀਆਂ ਫਸਲਾਂ ਉਗਾ ਰਹੇ ਹਨ।

ਕਿਸਾਨ ਭਰਾ ਹਰਵਿੰਦਰ ਸਿੰਘ, ਪਰਮਜੀਤ ਸਿੰਘ ਤੇ ਹਰਜਿੰਦਰ ਸਿੰਘ ਪਿਛਲੇ 5 ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ ਅਤੇ ਦੋ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਰਹੇ। ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਦੀ ਬੱਚਤ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੇ ਖੇਤੀ ਉਤਪਾਦਾਂ ਦੀ ਸਿੱਧੇ ਤੌਰ ’ਤੇ ਬਰਨਾਲਾ-ਸੰਗਰੂਰ ਰੋਡ ’ਤੇ ਸਟਾਲ ਲਗਾ ਕੇ ਮੰਡੀਕਰਨ ਕਰ ਰਹੇ ਹਨ ਤੇ ਚੋਖਾ ਮੁਨਾਫਾ ਕਮਾ ਰਹੇ ਹਨ।

ਕਿਸਾਨ ਪਰਮਜੀਤ ਸਿੰਘ ਨੇ ਦੱੱਸਿਆ ਕਿ ਉਨਾਂ ਦੇ ਪਿਤਾ ਹਮੇਸ਼ਾ ਇਕ ਏਕੜ ਰਕਬਾ ਸਬਜ਼ੀਆਂ ਆਦਿ ਲਈ ਰੱਖਣ ਲਈ ਆਖਦੇ ਸਨ, ਜਿੱਥੇ ਬਿਨਾਂ ਰੇਆਂ-ਸਪਰੇਆਂ ਤੋਂ ਸਬਜ਼ੀਆਂ ਉਗਾਈਆਂ ਜਾ ਸਕਣ ਪਰ ਪਹਿਲਾਂ ਉਨਾਂ ਨੇ ਕਦੇ ਗੌਰ ਨਹੀਂ ਕੀਤੀ। ਸਾਲ 2016 ਵਿਚ ਜਦੋਂ ਉਨਾਂ ਦੇ ਆਪਣੇ ਪੁੱਤ ਤੋਂ ਕਣਕ ਤੋਂ ਐਲਰਜੀ ਹੋ ਗਈ ਅਤੇ ਧੀ ਨੂੰ ਸਿਹਤ ਸਮੱੱਸਿਆ ਪੇਸ਼ ਆਈ ਤਾਂ ਉਨਾਂ ਕੁਦਰਤੀ ਖੇਤੀ ਵੱਲੋਂ ਮੋੜਾ ਕੱਟਣ ਦੀ ਸੋਚੀ, ਕਿਉਕਿ ਉਨਾਂ ਨੂੰ ਪੀਜੀਆਈ ਦੇ ਸਿਹਤ ਮਾਹਿਰਾਂ ਨੇ ਦੱਸਿਆ ਕਿ ਉਨਾਂ ਦੇ ਬੱਚਿਆਂ ਨੂੰ ਪੇਸ਼ ਆ ਰਹੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਖਾਧ ਪਦਾਰਥਾਂ ’ਤੇ ਵਰਤੇ ਜਾਂਦੇ ਕੀਟਨਾਸ਼ਕ ਤੇ ਜ਼ਹਿਰੀਲੇ ਪਦਾਰਥ ਹਨ। ਉਨਾਂ ਦੱਸਿਆ ਕਿ ਉਹ ਸੰਗਰੂਰ-ਬਰਨਾਲਾ ਰੋਡ ’ਤੇ ਆਪਣੀ ‘ਕਿਸਾਨ ਹੱਟ’ ਲਗਾ ਕੇ ਖੇਤੀ ਉਤਪਾਦ ਵੇਚਦੇ ਹਨ ਤੇ ਉਨਾਂ ਦੇ ਜੈਵਿਕ ਉਤਪਾਦ ਹੱਥੋ-ਹੱਥ ਵਿਕ ਜਾਂਦੇ ਹਨ।

ਕਿਸਾਨ ਉਗਾ ਰਹੇ ਹਨ 45 ਕਿਸਮ ਦੀਆਂ ਫਸਲਾਂ

ਜਵੰਧਾ ਭਰਾ ਆਪਣੀ 13 ਏਕੜ ਜ਼ਮੀਨ ’ਚ 45 ਤਰਾਂ ਦੀਆਂ ਫਸਲਾਂ ਉਗਾਉਦੇ ਹਨ। ਇਨਾਂ ਵਿਚ 30 ਤੋਂ 35 ਤਰਾਂ ਦੇ ਮੈਡੀਸਿਨਲ ਪਲਾਂਟ ਤੇ ਜੜੀ-ਬੂਟੀਆਂ ਸ਼ਾਮਲ ਹਨ। ਉਨਾਂ ਵੱਲੋਂ ਡਰੈਗਨ ਫਰੂਟ ਦੀ ਖੇਤੀ ਵੀ ਕੀਤੀ ਜਾਂਦੀ ਹੈ, ਜੋ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਮ ਤੌਰ ’ਤੇ ਵਿਕ ਜਾਂਦਾ ਹੈ। ਉਨਾਂ ਵੱਲੋਂ ਕੰਪੋਸਟ ਖਾਦ ਜਿੱਥੇ ਖੁਦ ਤਿਆਰ ਕੀਤੀ ਜਾਂਦੀ ਹੈ, ਉਥੇ ਪੌਦਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਛਿੜਕਾਅ ਵੀ ਜੈਵਿਕ ਦਵਾਈ ਦਾ ਕੀਤਾ ਜਾਂਦਾ ਹੈ।

2 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਨਹੀਂ ਲਾਈ ਅੱਗ

ਕਿਸਾਨਾਂ ਵੱਲੋਂ ਪਿਛਲੇ 2 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿਚ ਹੀ ਵਾਹ ਕੇ ਸੁਚੱਜਾ ਨਿਬੇੜਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ, ਉਥੇ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ।

ਹੋਰ ਕਿਸਾਨ ਵੀ ਜਵੰਧਾ ਭਰਾਵਾਂ ਤੋਂ ਸੇਧ ਲੈਣ: ਡਿਪਟੀ ਕਮਿਸ਼ਨਰ

ਬਡਬਰ ਦੇ ਜਵੰਧਾ ਭਰਾਵਾਂ ਦੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਇਹ ਕਿਸਾਨ ਹੋਰਾਂ ਲਈ ਵੀ ਮਿਸਾਲ ਹਨ। ਉਨਾਂ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਫਸਲੀ ਵਿੰਭਿਨਤਾ ਵੱਲ ਵਧਣਾ ਚਾਹੀਦਾ ਹੈ ਤਾਂ ਜੋ ਚੰਗਾ ਮੁਨਾਫਾ ਵੀ ਹੋਵੇ ਅਤੇ ਕੁਦਰਤੀ ਖੇਤੀ ਢੰਗਾਂ ਨਾਲ ਵਾਤਾਵਰਣ ਵੀ ਦੂਸ਼ਿਤ ਨਾ ਹੋਵੇ। ਉਨਾਂ ਕਿਹਾ ਕਿ ਵਾਤਾਵਰਣ ਪੱਖੀ ਉਪਰਾਲਿਆਂ ਨੂੰ ਸਲਾਹੁੰਦੇ ਹੋਏ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਇਨਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਹੈ।