ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਲਾਭਪਾਤਰੀ ਤੱਕ ਕੋਵਿਡ ਟੀਕਾਕਰਨ ਦੀ ਪਹੁੰਚ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ

ਨਹਿਰ ਕਲੋਨੀ ਡਿਸਪੈਂਸਰੀ ’ਚ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਦਿਵਆਂਗਜਨ ਦਾ ਪਹਿਲ ਦੇ ਆਧਾਰ ’ਤੇ ਹੋਵੇਗਾ ਟੀਕਾਕਰਨ
ਬਿਸਤਰ ’ਤੇ ਪਏ ਰੋਗੀਆਂ ਦਾ ਸਿਹਤ ਵਿਭਾਗ ਦੀ ਮੋਬਾਇਲ ਟੀਮ ਘਰ ਜਾ ਕੇ ਕਰੇਗੀ ਟੀਕਾਕਰਨ, ਲਾਭਪਾਤਰੀ ਮੋਬਾਇਲ 78246-40600 ’ਤੇ ਵਟਸਅੱਪ ਕਰਕੇ ਸੁਵਿਧਾ ਦਾ ਲੈ ਸਕਦੇ ਹਨ ਲਾਭ
ਹੁਣ ਤੱਕ ਜ਼ਿਲ੍ਹੇ ’ਚ 399115 ਲਾਭਪਾਤਰੀਆਂ ਦਾ ਕੀਤਾ ਜਾ ਚੁੱਕਾ ਹੈ ਟੀਕਾਕਰਨ

ਹੁਸ਼ਿਆਰਪੁਰ, 10 ਜੂਨ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਥੇ ਜ਼ਿਲ੍ਹੇ ਭਰ ਵਿੱਚ ਟੀਕਾਕਰਨ ਮੁਹਿੰਮ ਜਾਰੀ ਹੈ ਉਥੇ ਦਿਵਆਂਗਜਨ ਅਤੇ ਬਿਸਤਰ ’ਤੇ ਪਏ ਰੋਗੀਆਂ (ਬੈਡਰਿਡੇਨ) ਦੇ ਟੀਕਾਕਰਨ ਦੇ ਲਈ ਵੀ ਵਿਸ਼ੇਸ਼ ਯਤਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿਵਆਂਗਜਨ ਦੇ ਲਈ ਜਿਥੇ ਡਰਾਈਵ ਥਰੂ ਵੈਕਸੀਨੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ ਉਥੇ ਬਿਸਤਰ ’ਤੇ ਪਏ ਰੋਗੀਆਂ ਨੂੰ ਸਿਹਤ ਵਿਭਾਗ ਦੀ ਮੋਬਾਇਲ ਟੀਮ ਵਲੋਂ ਘਰ ’ਤੇ ਜਾ ਕੇ ਵੈਕਸੀਨੇਸ਼ਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਆਂਗਜਨ ਦਾ ਕੋਵਿਡ ਟੀਕਾਕਰਨ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਤਹਿਤ ਨਹਿਰ ਕਲੋਨੀ ਡਿਸਪੈਂਸਰੀ ਵਿੱਚ ਇਨ੍ਹਾਂ ਨੂੰ ਡਰਾਈਵ ਥਰੂ ਟੀਕਾਕਰਨ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਸੁਵਿਧਾ ਤਹਿਤ ਦਿਵਆਂਗਜਨ ਨੂੰ ਡਿਸਪੈਂਸਰੀ ਆਉਣ ’ਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਬੰਧਤ ਦਿਵਆਂਗਜਨ ਲਾਭਪਾਤਰੀ ਦੀ ਉਸਦੀ ਗੱਡੀ ਵਿੱਚ ਹੀ ਵੈਕਸੀਨੇਸ਼ਨ ਕੀਤੀ ਜਾਵੇਗੀ। ਜੇਕਰ ਲਾਭਪਾਤਰੀ ਡਿਸਪੈਂਸਰੀ ਵਿੱਚ ਸਿੱਧੇ ਜਾ ਜਾਂਦਾ ਹੈ ਤਾਂ ਵੀ ਉਸਨੂੰ ਹੋਰ ਲਾਭਪਾਤਰੀਆਂ ਦੇ ਮੁਕਾਬਲੇ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿਵਆਂਗਜਨ ਦੇ ਲਈ ਇਹ ਟੀਕਾਕਰਨ ਨਹਿਰ ਕਲੋਨੀ ਡਿਸਪੈਂਸਰੀ ਵਿੱਚ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ’ਤੇ ਨਹਿਰ ਕਲੋਨੀ ਡਿਸਪੈਂਸਰੀ ਤੋਂ ਇਹ ਮੁਹਿੰਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਵੈਕਸੀਨੇਸ਼ਨ ਜ਼ਿਆਦਾ ਮਾਤਰਾ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਫਿਰ ਵੈਕਸੀਨੇਸ਼ਨ ਵਾਲੇ ਉਨ੍ਹਾਂ ਸਾਰੇ ਸਥਾਨਾਂ ’ਤੇ ਦਿਵਆਂਗਜਨ ਨੂੰ ਇਹ ਸੁਵਿਧਾ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਤਰ੍ਹਾਂ ਘਰਾਂ ਵਿੱਚ ਬਿਸਤਰ ’ਤੇ ਪਏ ਰੋਗੀਆਂ ਦੇ ਟੀਕਾਕਰਨ ਦੇ ਲਈ ਵੀ ਸਿਹਤ ਵਿਭਾਗ ਦੀਆਂ ਮੋਬਾਇਲ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਲਾਭਪਾਤਰੀ ਮੋਬਾਇਲ ਨੰਬਰ 78146-40600 ’ਤੇ ਵਟਸਅੱਪ ਕਰ ਸਕਦਾ ਹੈ ਅਤੇ ਦੱਸੇ ਗਏ ਪਤੇ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਬਿਸਤਰ ’ਤੇ ਰੋਗੀ ਜੋ ਕਿ ਕਿਤੇ ਆ ਜਾ ਨਹੀਂ ਸਕਦੇ, ਦਾ ਘਰ ਜਾ ਕੇ ਕੋਵਿਡ ਟੀਕਾਕਰਨ ਕਰੇਗੀ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ 1299 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 399115 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਿਵਆਂਗਜਨ ਅਤੇ ਬਿਸਤਰ ’ਤੇ ਪਏ ਰੋਗੀ ਜਿਸਦਾ ਅਜੇ ਤੱਕ ਟੀਕਾਕਰਨ ਨਹੀਂ ਹੋਇਆ ਹੈ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਲਾਭ ਜ਼ਰੂਰ ਲਿਆ ਜਾਵੇ।