ਜੇਲ੍ਹ ’ਚ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ, ਕੋਵਿਡ ਸਬੰਧੀ ਸਿਹਤ ਹਦਾਇਤਾਂ ਦੀ ਪਾਲਣਾ ਕਰਨ ਲਈ ਕੀਤਾ ਪ੍ਰੇਰਿਤ

ਹੁਸ਼ਿਆਰਪੁਰ, 11 ਜੂਨ : ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋਂ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਕੇਂਦਰੀ ਜੇਲ੍ਹ ਦੇ ਹਸਪਤਾਲ ਦਾ ਮੁਆਇਨਾ ਕੀਤਾ। ਉਨ੍ਹਾਂ ਹਸਪਤਾਲ ਵਿੱਚ ਡਾਕਟਰ ਵਲੋਂ ਮਰੀਜ਼ਾਂ ਦੇ ਚੈਕ ਕਰਨ ਦੇ ਸਮੇਂ ਅਤੇ ਹਸਪਤਾਲ ਵਿੱਚ ਦਾਖਲ ਹਵਾਲਾਤੀਆਂ ਅਤੇ ਕੈਦੀਆਂ ਦਾ ਹਾਲ-ਚਾਲ ਪੁਛਿਆ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਇਸ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਦੋ ਗਜ ਦੂਰੀ ਅਤੇ ਬਣਾਈ ਰੱਖਣ, ਮਾਸਕ ਨੂੰ ਚੰਗੀ ਤਰ੍ਹਾਂ ਪਹਿਨਣ ਅਤੇ ਸਾਬਣ ਨਾਲ ਸਮੇਂ-ਸਮੇਂ ’ਤੇ ਹੱਥ ਧੋਣ ਦੇ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਇਕ ਹਵਾਲਾਤੀ ਕੋਰੋਨਾ ਪਾਜ਼ੀਟਿਵ ਆਇਆ ਹੈ ਜਿਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਬਾਕੀ ਸਾਰੇ ਹਵਾਲਾਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਜੇਲ੍ਹ ਦੀ ਮਹਿਲਾ ਬੈਰਕ ਵਿੱਚ ਜਾ ਕੇ ਹਵਾਲਾਤੀ ਮਹਿਲਾਵਾਂ ਦੀ ਸਿਹਤ ਦੇ ਬਾਰੇ ਵਿੱਚ ਪੁੱਛਿਆ ਅਤੇ ਵਿਭਾਗ ਵਲੋਂ ਚਲਾਈ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਦੀਆਂ ਵੱਖ-ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ।
ਅਪਰਾਜਿਤਾ ਜੋਸ਼ੀ ਨੇ ਜੇਲ੍ਹ ਵਿੱਚ ਖੋਲ੍ਹੇ ਗਏ ਲੀਗਲ ਐਡ ਕਲੀਨਿਕ ਵਿੱਚ ਕੰਮ ਕਰ ਰਹੇ ਲੰਮੀ ਸਜਾ ਭੁਗਤ ਰਹੇ ਪੀ.ਐਲ.ਵੀ ਤੋਂ ਮੁਫ਼ਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਜ ਲੀਡ ਬੈਂਕ ਮੈਨੇਜਰ, ਹੁਸ਼ਿਆਰਪੁਰ ਦੇ ਅਕਾਊਂਟ ਅਫ਼ਸਰ, ਬੀ.ਐਸ.ਐਨ.ਐਲ ਦੇ ਅਧਿਕਾਰੀਆਂ ਤੋਂ 10 ਜੁਲਾਈ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਦੇ ਬਾਰੇ ਵਿੱਚ ਵੱਧ ਤੋਂ ਵੱਧ ਕੇਸ ਰਾਸ਼ਟਰੀ ਲੋਕ ਅਦਾਲਤ ਵਿੱਚ ਲਗਾਉਣ ਦੇ ਬਾਰੇ ਵਿੱਚ ਦਿਸ਼ਾ ਨਿਰਦੇਸ਼ ਦਿੱਤੇ ਤਾਂ ਜੋ ਆਪਸੀ ਰਜ਼ਾਮੰਦੀ ਨਾਲ ਵੱਧ ਤੋਂ ਵੱਧ ਕੇਸਾਂ ਦੇ ਫੈਸਲੇ ਦੇ ਨਾਲ-ਨਾਲ ਸਮੇਂ ਅਤੇ ਧਨ ਦੋਵਾਂ ਦੀ ਬਚਤ ਹੋ ਸਕੇ।