ਮਾਨਸਾ, 4 ਮਈ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿਚ ਅੱਜ ਕੁਝ ਹੋਰ ਜ਼ਰੂਰੀ ਵਸਤਾਂ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਨੂੰ 15 ਮਈ ਤੱਕ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪਰ ਇਹ ਦੁਕਾਨਾਂ ਹਫ਼ਤਾਵਾਰੀ ਕਰਫਿਊ ਦੌਰਾਨ (ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ) ਬੰਦ ਰਹਿਣਗੀਆਂ।
ਇਸ ਸਬੰਧੀ ਵਧੀਕ ਜਿ਼ਲ੍ਹਾ ਮੈਜਿਸਟਰੇਟ—ਕਮ—ਵਧੀਕ ਡਿਪਟੀ ਕਮਿਸ਼ਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਹੁਕਮ ਜਾਰੀ ਕਰਦਿਆਂ ਖਾਦਾਂ, ਕੀਟਨਾਸ਼ਨ ਦਵਾਈਆਂ, ਬੀਜ, ਖੇਤੀਬਾੜੀ ਮਸ਼ੀਨਰੀ ਅਤੇ ਬਾਗਬਾਨੀ ਨਾਲ ਸਬੰਧਤ ਦੁਕਾਨਾਂ ਨੂੰ ਖੋਲਣ ਦੀ ਆਗਿਆ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਰਿਆਨਾ, ਗਰੌਸਰੀ ਸਮੇਤ ਪੀ.ਡੀ.ਐਸ. ਦੁਕਾਨਾਂ, ਰੀਟੇਲ ਅਤੇ ਥੋਕ ਵਾਲੇ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਗੇ ਪਰ ਅਹਾਤੇ ਖੋਲ੍ਹਣ ਦੀ ਆਗਿਆ ਨਹੀਂ ਹੈ।
ਉਦਯੋਗ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ, ਹਾਰਡਵੇਅਰ, ਸੰਦ, ਮੋਟਰਜ਼ ਅਤੇ ਪਾਈਪ ਵੇਚਣ ਵਾਲੀਆਂ ਦੁਕਾਨਾਂ ਖੋਲ੍ਹਣ ਦੀ ਅਗਿਆ ਦਿੱਤੀ ਗਈ ਹੈ।
ਖਰੀਦਦਾਰੀ ਕਰਨ ਲਈ ਸਾਈਕਲ ਅਤੇ ਪੈਦਲ ਜਾਣ ਵਾਲਿਆਂ ਲਈ ਆਗਿਆ ਹੈ। ਮੋਟਰ ਸਾਇਕਲ ਆਦਿ ਚਾਲਕ ਕੋਲ ਪ੍ਰਮਾਣਿਤ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ pass.pais.net.in ਤੋਂ ਪ੍ਰਾਪਤ ਈ ਪਾਸ ਵੀ ਵਿਖਾਇਆ ਜਾ ਸਕਦਾ ਹੈ।