ਜ਼ਿਲੇ ਵਿਚ ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਜ਼ਿਲੇ ਵਿਚ ਪੁਲਿਸ ਵੱਲੋਂ ਅੱਜ 2 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਮਾਸਕ ਵਾਲੇ 783 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਉਣ ਤੋਂ ਇਲਾਵਾ 32 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤੀ ਵਰਤਦੇ ਹੋਏ ਖੁਰਾਣਾ ਕਰਿਆਨਾ ਸਟੋਰ ਦੇ ਮਾਲਕ ਰਜੇਸ਼ ਕੁਮਾਰ ਉਰਫ਼ ਹਰਜੇਸ਼ ਕੁਮਾਰ ਪੁੱਤਰ ਸੁਭਾਸ਼ ਕੁਮਾਰ ਵਾਸੀ ਸਰਾਫ਼ਾ ਬਾਜ਼ਾਰ, ਵਾਰਡ ਨੰਬਰ 7, ਬਲਾਚੌਰ ਖਿਲਾਫ਼ ਥਾਣਾ ਸਿਟੀ ਬਲਾਚੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰਾਂ ਬਿਨਾਂ ਮਾਸਕ ਲਗਾਏ ਘੁੰਮਣ ਵਾਲੇ ਇੰਦਰਜੀਤ ਸਿੰਘ ਉਰਫ਼ ਸੋਨੀ ਪੁੱਤਰ ਪਿਆਰਾ ਸਿੰਘ, ਵਾਸੀ ਪੈਲੀ, ਪੋਜੇਵਾਲ ਖਿਲਾਫ਼ ਥਾਣਾ ਪੋਜੇਵਾਲ ਵਿਖੇ ਪਰਚਾ ਦਰਜ ਕੀਤਾ ਗਿਆ। 
 ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਪੁਲਿਸ ਵੱਲੋਂ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਗੈਰ ਮਾਸਕ ਘੁੰਮਣ ਵਾਲੇ 783 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 32 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਸਾਂਝ ਕੇਂਦਰ ਦੀ ਮੀਡੀਆ ਵੈਨ ਅਤੇ ਥਾਣਿਆਂ ਦੇ ਮੁੱਖ ਅਫ਼ਸਰਾਂ ਵੱਲੋਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ।  ਉਨਾਂ ਕਿਹਾ ਕਿ ਕੋਵਿਡ ਪ੍ਰਤੀ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।