ਕਰਫਿਊ ਦੀ ਉਲੰਘਣਾ ਵਾਲਿਆਂ ਨੂੰ ਕੀਤਾ ਜਾਵੇਗਾ ਇਸ ਓਪਨ ਜੇਲ੍ਹ ਵਿੱਚ ਬੰਦ-ਜ਼ਿਲ੍ਹਾ ਮੈਜਿਸਟ੍ਰੇਟ

ਮੋਗਾ, 4 ਮਈ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਹਫ਼ਤਾਵਰੀ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਗਾਇਆ ਗਿਆ ਹੈ। ਪ੍ਰੰਤੂ ਅਜੇ ਵੀ ਕੁਝ ਲੋਕਾਂ ਵੱਲੋਂ ਘਰਾਂ ਵਿੱਚ ਬੈਠਣ ਦੀ ਬਜਾਏ ਘਰਾਂ ਦੇ ਬਾਹਰ ਝੁੰਡ ਬਣਾ ਕੇ ਖੜਿਆ ਜਾਂਦਾ ਹੈ ਅਤੇ ਬਜ਼ਾਰਾਂ ਵਿੱਚ ਬੇਲੋੜੀ ਮੂਵਮੈਂਟ ਕੀਤੀ ਜਾ ਰਹੀ ਹੈ। ਇਹ ਲੋਕ ਕਰਫਿਊ ਅਤੇ ਸ਼ੋਸ਼ਲ ਡਿਸਟੈਸਿੰਗ ਦੀ ਹਦਾਇਤ ਨੂੰ ਭੰਗ ਕਰਦੇ ਹੋਏ ਕਰੋਨਾ ਵਾਈਰਸ ਦੀ ਬਿਮਾਰੀ ਨੂੰ ਤੇਜ਼ੀ ਨਾਲ ਫੈਲਣ ਦਾ ਸੱਦਾ ਦੇ ਰਹੇ ਹਨ। ਇਸ ਲਈ ਅਜਿਹੇ ਲੋਕਾਂ ਲਈ ਘਰ ਅੰਦਰ ਰਹਿਣਾ ਬਹੁਤ ਜਰੂਰੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਰੋਨਾ ਦੇ ਦੇ ਸੰਕਰਮਣ ਨੂੰ ਘਟਾਉਣ ਲਈ ਜ਼ਿਲ੍ਹਾ ਮੋਗਾ ਵਿੱਚ ਐਪੀਡੈਮਿਕ ਡਿਸੀਜ਼ ਐਕਟ 1897 ਅਤੇ ਫੌਜਦਾਰੀ ਜ਼ਾਬਤਾ ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਵਿਅਕਤੀਆਂ ਦੀ ਬੇਲੋੜੀ ਮੂਵਮੈਂਟ ਨੂੰ ਰੋਕਣ ਲਈ ਗੋਧੇਵਾਲਾ ਸਟੇਡੀਅਮ, ਜੀ.ਟੀ. ਰੋਡ ਮੋਗਾ ਨੂੰ ਓਪਨ ਜੇਲ ਦੇ ਰੂਪ ਵਿੱਚ ਵਰਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜਾ ਵਿਅਕਤੀ ਕਰਫਿਊ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਇਸ ਓਪਨ ਜੇਲ ਵਿੱਚ ਬੰਦ ਕਰ ਦਿੱਤਾ ਜਾਵੇਗਾ।