ਗਿੱਦੜਬਾਹਾ 24 ਮਈ - ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾ ਇਸ ਪਲਾਂਟ ਲਈ ਸੇਤੀਆ ਇੰਡਸਟਰੀ ਦੇ ਐਮ ਡੀ ਡਾ ਅਜੈ ਸੇਤੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਰਾਜਾ ਵੜਿੰਗ ਨੇ ਦੱਸਿਆ ਕਿ ਇਹ ਪਲਾਂਟ ਸਿਵਲ ਹਸਪਤਾਲ ਦੇ 50 ਬੈਡ ਲਈ ਆਕਸੀਜਨ ਉਪਲੱਬਧ ਕਰਵਾਏਗਾ.


ਉਨ੍ਹਾ ਦੱਸਿਆ ਕਿ ਇਹ ਪਲਾਂਟ ਪ੍ਰਤੀ ਮਿੰਟ 250ਲਿਟਰ ਆਕਸੀਜ਼ਨ ਪੈਦਾ ਕਰੇਗਾ ਅਤੇ ਇਹ ਆਕਸੀਜਨ ਹਵਾ ਤੋਂ ਤਿਆਰ ਹੋਵੇਗੀ। ਉਨ੍ਹਾ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਥੇਹੜੀ ਸਾਹਿਬ ਦੇ ਕੋਵਿਡ ਸੈਂਟਰ ਵਿਖੇ ਆਕਸੀਜ਼ਨ ਪਲਾਂਟ ਲਗਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਕੱਲ ਤੱਕ ਹਸਪਤਾਲ਼ ਨੂੰ ਆਕਸੀਜ਼ਨ ਰਿਸੀਵਰ ਵੀ ਪ੍ਰਾਪਤ ਹੋ ਜਾਵੇਗਾ, ਤਾਂ ਜ਼ੋ ਅਤਿਰਿਕਤ ਆਕਸੀਜ਼ਨ ਨੂੰ ਜਮ੍ਹਾ ਕਰਕੇ ਜ਼ਰੂਰਤ ਅਨੁਸਾਰ ਵਰਤਿਆ ਜਾ ਸਕੇ। ਇਸ ਮੌਕੇ ਰਾਜਾ ਵੜਿੰਗ ਨੇ ਸ਼ਹਿਰ ਦੀਆਂ 5 ਬੇਹਤਰੀਨ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੀ ਤਨਖਾਹ ਵਿੱਚੋ 21-21 ਹਜ਼ਾਰ ਰੁਪਏ ਦੀ ਰਾਸ਼ੀ ਮੱਦਦ ਲਈ ਦਿੱਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਐਸ ਡੀ ਐਮ ਸ਼੍ਰੀ ਓਮ ਪ੍ਰਕਾਸ਼, ਡਾ ਪਰਵਜੀਤ ਸਿੰਘ ਗੁਲਾਟੀ ਈ ਓ ਜਗਸੀਰ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ, ਸਮੂਹ ਕੌਂਸਲਰ, ਸਮਾਜ ਸੇਵੀ ਅਨਮੋਲ ਜੁਨੇਜਾ ਬੱਬਲੂ, ਮਨੀਸ਼ ਵਰਮਾ, ਨਰਾਇਣ ਦਾਸ ਸਿੰਗਲਾ, ਫਾਰਮਾਸਿਸਟ ਅਜੈ ਗੋਇਲ ਆਦਿ ਵੀ ਹਾਜ਼ਰ ਸਨ।