ਮਾਨਸਾ, 2 ਮਈ:
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਅੱਜ ਸ਼ਾਮ ਜਾਰੀ ਨਵੀਆਂ ਪਾਬੰਦੀਆਂ ਨੂੰ ਜ਼ਿਲ੍ਹਾ ਮਾਨਸਾ ਅੰਦਰ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਵਲੋਂ ਜਾਰੀ ਕੀਤੇ ਇਹ ਹੁਕਮ 15 ਮਈ ਤੱਕ ਲਾਗੂ ਰਹਿਣਗੇ।
ਇਨ੍ਹਾਂ ਹੁਕਮਾਂ ਤਹਿਤ ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ । 
 
ਕੇਵਲ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨਾਲ ਸਬੰਧਿਤ ਦੁਕਾਨਾਂ ਜਿਵੇਂ ਕਿ ਕੈਮਿਸਟ ਸ਼ਾਪ, ਦੁੱਧ, ਬਰੈੱਡ, ਸਬਜ਼ੀਆਂ, ਫਰੂਟ, ਡੇਅਰੀ ਤੇ ਪੋਲਟਰੀ ਉਤਪਾਦਨ, ਆਂਡੇ, ਮੀਟ, ਮੋਬਾਇਲ ਰਿਪੇਅਰ ਨਾਲ ਸਬੰਧਿਤ ਦੁਕਾਨਾਂ ਖੁੱਲ੍ਹ ਸਕਣਗੀਆਂ। 
 
ਲੈਬੋਰੇਟਰੀ , ਨਰਸਿੰਗ ਹੋਮ ਤੇ ਹੋਰ ਮੈਡੀਕਲ ਅਦਾਰਿਆਂ ’ਤੇ ਰੋਕਾਂ ਲਾਗੂ ਨਹੀਂ ਹੋਣਗੀਆਂ। 
 
ਕਰਫਿਊ ਪਹਿਲਾਂ ਵਾਂਗ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਹਫਤਾਵਾਰੀ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਹੋਵੇਗਾ। ਕਰਫਿਊ ਦੌਰਾਨ ਕੋਈ ਵੀ ਵਾਹਨ ਨਹੀਂ ਚੱਲੇਗਾ। ਕੇਵਲ ਮੈਡੀਕਲ ਐਮਰਜੈਂਸੀ ਨੂੰ ਛੋਟ ਹੋਵੇਗੀ।
 
ਕੋਈ ਵੀ ਵਿਅਕਤੀ ਜ਼ਿਲ੍ਹਾ ਮਾਨਸਾ ਦੀ ਹੱਦ ਅੰਦਰ ਹਵਾਈ, ਰੇਲ ਜਾਂ ਸੜਕੀ ਰਾਸਤੇ ਰਾਹੀਂ ਵੱਧ ਤੋਂ ਵੱਧ 72 ਘੰਟੇ ਪੁਰਾਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਜਿਸਨੂੰ 2 ਹਫਤੇ ਪਹਿਲਾਂ ਘੱਟੋ ਘੱਟ ਇਕ ਡੋਜ਼ ਲੱਗੀ ਹੋਵੇ) ਦਿਖਾ ਕੇ ਹੀ ਦਾਖਲ ਹੋ ਸਕੇਗਾ।  
 
ਸਾਰੇ ਸਰਕਾਰੀ ਦਫਤਰ ਅਤੇ ਬੈਂਕ ਆਪਣੀ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ, ਕੇਵਲ ਕੋਵਿਡ ਸਬੰਧੀ ਡਿਊਟੀ ਦੀ ਤਾਇਨਾਤੀ ਨੂੰ ਛੱਡਕੇ।
 
ਸਾਰੇ 4 ਪਹੀਆ ਵਾਹਨਾਂ ਜਿਵੇਂ ਕਿ ਕਾਰ, ਟੈਕਸੀ ਆਦਿ ਵਿੱਚ 2 ਤੋਂ ਜ਼ਿਆਦਾ ਸਵਾਰੀਆਂ ਦੇ ਜਾਣ-ਆਉਣ ਦੀ ਆਗਿਆ ਨਹੀਂ ਹੈ ਪਰ ਮਰੀਜ਼ ਨੂੰ ਹਸਪਤਾਲ ਲਿਜਾਣ-ਲਿਆਉਣ ਵੇਲੇ ਛੋਟ ਰਹੇਗੀ। ਮੋਟਰਸਾਈਕਲ ਜਾਂ ਸਕੂਟਰ ’ਤੇ ਇਕ ਤੋਂ ਵੱਧ ਵਿਅਕਤੀ ਸਫ਼ਰ ਨਹੀਂ ਕਰ ਸਕੇਗਾ ਪਰ ਜੇਕਰ ਦੋਵੇਂ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਿਤ ਹਨ ਤੇ ਇਕੋ ਘਰ ਵਿਚ ਰਹਿੰਦੇ ਹਨ ਤਾਂ ਉਸ ਕੇਸ ਵਿਚ ਇਹ ਬੰਦਿਸ਼ ਲਾਗੂ ਨਹੀਂ।
 
ਵਿਆਹ, ਸਸਕਾਰ ਜਾਂ ਹੋਰ ਕਿਸੇ ਵੀ ਮੌਕੇ 10 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜ਼ਾਜਤ ਨਹੀਂ ਹੋਵੇਗੀ। 
 
ਪਿੰਡਾਂ ਅੰਦਰ ਰਾਤ ਵੇਲੇ ਦੇ ਕਰਫਿਊ ਤੇ ਹਫਤਾਵਾਰੀ ਕਰਫਿਊ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਠੀਕਰੀ ਪਹਿਰੇ ਲੱਗਣਗੇ। 
 
ਸਬਜ਼ੀ ਮੰਡੀ ਕੇਵਲ ਸਬਜ਼ੀਆਂ ਤੇ ਫ਼ਲਾਂ ਦੀ ਹੋਲਸੇਲ ਵਿਕਰੀ ਲਈ ਖੁੱਲ੍ਹੇਗੀ ਤੇ ਉਥੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਹੋਵੇਗੀ। 
 
ਕਿਸਾਨ ਯੂਨੀਅਨਾਂ ਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਕੱਠ ਨਾ ਕਰਨ ਤੇ ਪ੍ਰਦਰਸ਼ਨ ਵਾਲੀਆਂ  ਥਾਵਾਂ  ਜਿਵੇਂ ਕਿ ਟੋਲ ਪਲਾਜ਼ੇ, ਪੰਪਾਂ ਆਦਿ ’ਤੇ ਵੀ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਹੋਵੇ। 
 
ਧਾਰਮਿਕ ਅਸਥਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਪਹਿਲਾਂ ਬੰਦ ਹੋਣਗੇ । 
 
ਆਕਸੀਜਨ ਸਿਲੰਡਰ ਜਮ੍ਹਾਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ।
 
ਰੇਹੜੀ ਵਾਲਿਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਹੋਣਗੇ।
 
ਜਨਤਕ ਆਵਾਜਾਈ ਸੇਵਾ (ਬੱਸ, ਟੈਕਸੀ , ਆਟੋ) 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੇ।
 
ਸਾਰੇੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।
 
ਸਾਰੇ ਰੈਸਟੋਰੈਂਟ (ਹੋਟਲਾਂ ਸਮੇਤ) , ਕੈਫੇ, ਕੌਫੀ ਸ਼ਾਪ, ਫਾਸਟ ਫੂਡ ਕੋਰਟ, ਢਾਬਿਆਂ ਉੱਪਰ ਬੈਠਕੇ ਖਾਣ ਦੀ ਇਜ਼ਾਜਤ ਨਹੀਂ ਹੋਵੇਗੀ ਜਦਕਿ ਉਹ ਟੇਕ-ਅਵੇ ਤੇ ਹੋਮ ਡਿਲੀਵਰੀ ਰਾਤ 9 ਵਜੇ ਤੱਕ ਕਰ ਸਕਣਗੇ।
 
 
ਸਾਰੀਆਂ ਹਫਤਾਵਾਰੀ ਮਾਰਕੀਟਾਂ (ਆਪਣੀ ਮੰਡੀ ਵਾਂਗ) ਬੰਦ ਰਹਿਣਗੀਆਂ।
 
ਜ਼ਿਲ੍ਹੇ ਅੰਦਰ ਸਮਾਜਿਕ, ਸੱਭਿਆਚਾਰਕ , ਖੇਡਾਂ ਤੇ ਹੋਰਨਾਂ ਸਬੰਧਿਤ ਸਮਾਗਮਾਂ ਉੱਪਰ ਪੂਰਨ ਰੂਪ ਵਿਚ ਪਾਬੰਦੀ ਹੈ।
 
ਸਾਰੇ ਸਿਆਸੀ ਇਕੱਠਾਂ ਉੱਪਰ ਵੀ ਪੂਰਨ ਪਾਬੰਦੀ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਿਸ ਵਿਚ ਪ੍ਰਬੰਧਕ, ਭਾਗ ਲੈਣ ਵਾਲੇ , ਸਥਾਨ ਦੇ ਮਾਲਕ , ਟੈਂਟ ਹਾਊਸ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਨਿਰਧਾਰਿਤ ਗਿਣਤੀ ਤੋਂ ਵੱਧ ਇਕੱਠ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ 5 ਦਿਨ ਦੇ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਪਵੇਗਾ । ਸਮਾਗਮਾਂ ਦਾ ਆਯੋਜਨ ਕਰਨ ਵਾਲੇ ਸਥਾਨ ਤਿੰਨ ਮਹੀਨਿਆਂ ਲਈ ਸੀਲ ਵੀ ਕੀਤੇ ਜਾ ਸਕਦੇ ਹਨ।
 
ਸਾਰੇ ਵਿਦਿਅਕ ਅਦਾਰੇ, ਸਕੂਲ ਤੇ ਕਾਲਜ ਬੰਦ ਰਹਿਣਗੇ ਜਦਕਿ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਹਾਜ਼ਰ ਰਹੇਗਾ।
 
ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਮੈਡੀਕਲ ਤੇ ਨਰਸਿੰਗ ਕਾਲਜ, ਸੰਸਥਾਵਾਂ ਖੁੱਲੀਆਂ ਰਹਿਣਗੀਆਂ।
 
ਹਰ ਤਰ੍ਹਾਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਹਨ ਪਰ ਕੋਵਿਡ ਦੀ ਰੋਕਥਾਮ ਸਬੰਧੀ ਭਰਤੀ ਪ੍ਰੀਖਿਆਵਾਂ ਉਪਰ ਰੋਕ ਨਹੀਂ ਹੋਵੇਗੀ।
 
ਸਾਰੇ ਪ੍ਰਾਈਵੇਟ ਦਫਤਰ, ਜਿਸ ਵਿੱਚ ਸੇਵਾ ਖੇਤਰ ਜਿਵੇਂ ਕਿ ਆਰਕੀਟੈਕਟ , ਸੀ.ਏ. , ਬੀਮਾ ਕੰਪਨੀਆਂ ਦੇ ਦਫਤਰਾਂ ਨੂੰ ਕੇਵਲ ‘ਵਰਕ ਫਰਾਮ ਹੋਮ ’ ਦੀ ਇਜ਼ਾਜ਼ਤ ਹੈ।
ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰ ਰਹੇ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਦਿਨਾਂ ਵਿੱਚ ਵੈਕਸੀਨ ਦੀ ਕੋਈ ਡੋਜ਼ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ, ਜਿੰਨੀ ਦੇਰ ਤੱਕ ਉਹ ਵੈਕਸੀਨ ਨਹੀਂ ਲਗਵਾਉਂਦੇ। ਇਸ ਤੋਂ ਇਲਾਵਾ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਘੱਟ ਹੈ ਅਤੇ ਆਰ.ਟੀ.-ਪੀ.ਸੀ.ਆਰ. ਦੀ ਰਿਪੋਰਟ (ਪੰਜ ਦਿਨਾਂ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ) ਨੈਗੇਟਿਵ ਹੈ, ਉਨ੍ਹਾਂ ਨੂੰ ਹੀ ਦਫ਼ਤਰ ਵਿੱਚ ਆਉਣ ਦੀ ਆਗਿਆ ਹੋਵੇਗੀ ਅਤੇ ਜਿਨ੍ਹਾਂ ਕਰਮਚਾਰੀਆਂ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਪਾਜੀਟਿਵ ਹੋਵੇਗੀ, ਉਨ੍ਹਾਂ ਨੂੰ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ 'ਤੇ ਪਾਬੰਦੀ ਲਗਾਉਂਦੇ ਹੋਏ ਇਸ ਮਕਸਦ ਲਈ ਆਨਲਾਈਨ ਤੇ ਵਰਚੂਅਲ ਤਰੀਕੇ ਅਪਨਾਉਣ ਲਈ ਕਿਹਾ ਗਿਆ ਹੈ। ਮਾਈਕਰੋ ਕੰਟੇਨਮੈਂਟ ਜ਼ੋਨ ਜਿੱਥੇ ਕੋਰੋਨਾ ਪਾਜਿ਼ਟੀਵ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ ਸਖ਼ਤੀ ਨਾਲ ਮਨੀਟਰ ਕੀਤੇ ਜਾਣ।
            ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਕੋਵਿਡ ਦੀ ਚੇਨ ਨੂੰ ਤੋੜਿਆ ਜਾ ਸਕੇ।