ਗੁਰਦਾਸਪੁਰ, 10 ਮਈ  ਪੰਜਾਬ ਸਰਕਾਰ ਵਲੋਂ ਕੋਵਿਡ ਬਿਮਾਰੀ ਨਾਲ ਨਜਿੱਠਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਇਸ ਬਿਮਾਰੀ ਨੂੰ ਸਮੂਹਿਕ ਸਹਿਯੋਗ ਨਾਲ ਖਤਮ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਸ. ਫਤਿਹਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਵਲੋਂ  ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 40ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੋਂ ਇਲਾਵਾ ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਰਮਿੰਦਰ ਸਿੰਘ ਸੈਣੀ ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ। 
               ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬਾਜਵਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ ਜ਼ਿਲਾ ਵਾਸੀਆਂ ਲਈ ਪ੍ਰੇਰਨਾਦਾਇਕ ਹੋ ਨਿਬੜਿਆ ਹੈ, ਨੋਜਵਾਨ ਪੀੜੀ ਨੂੰ ਅੱਗੇ ਵੱਧਣ ਲਈ ਰਾਹ ਦਿਸੇਰਾ ਬਣਿਆ ਹੈ। ਉਨਾਂ ਅੱਗੇ ਕਿਹਾ ਕਿ ਕੋਵਿਡ ਬਿਮਾਰੀ ਨੂੰ ਖਤਮ ਕਰਨ ਲਈ ਲੋਕਾਂ ਨੂੰ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਕੋਰੋਨਾ ਬਿਮਾਰੀ ਦੇ ਲੱਛਣ ਹੋਣ ਉੱਤੇ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਦੇਖਣ ਵਿਚ ਆ ਰਿਹਾ ਹੈ ਕੋਰੋਨਾ ਬਿਮਾਰੀ ਦਾ ਪਿੰਡਾਂ ਵਿਚ ਫੈਲਾਅ ਵੱਧ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਉਨਾਂ ਵਲੋਂ ਹਲਕੇ ਕਾਦੀਆਂ ਵਿਚ ਪਿੰਡ ਵਾਈਜ਼ 5-5 ਕੋਰੋਨਾ ਵਾਰੀਅਰਜ਼ ਤਾਇਨਾਤ ਕੀਤੇ ਜਾ ਰਹੇ ਹਨ, ਜਿਸ ਨਾਲ ਜਿਥੇ ਲੋਕਾਂ ਨੂੰ ਕੋਰੋਨਾ ਬਿਮਾਰੀ ਵਿਰੁੱਧ ਜਾਗਰੂਕ ਕੀਤਾ ਜਾਵੇਗਾ, ਓਥੇ ਕੋਰੋਨਾ ਬਿਮਾਰੀ ਦੇ ਲੱਛਣਾਂ ਵਾਲੇ ਪੀੜਤਾਂ ਦਾ ਨੇੜੇ ਦੇ ਸਿਹਤ ਕੇਂਦਰ ਵਿਚ ਟੈਸਟ ਤੇ ਇਲਾਜ ਆਦਿ ਕਰਵਾਇਆ ਜਾਵੇਗਾ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਖੁਦ ਬਿਮਾਰੀ ਵਿਰੁੱਧ ਹੋਰ ਜਾਗੂਰਕ ਹੋਣ ਦੀ ਲੋੜ ਹੈ ਤੇ ਯੋਗ ਵਿਅਕਤੀਆਂ ਨੂੰ ਵੈਕਸੀਨ ਜਰੂਰ ਲਗਾਉਣੀ ਚਾਹੀਦੀ ਹੈ।  
                            ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਵਿਧਾਇਕ ਬਾਜਵਾ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਵਿਚ ਜਿਥੇ ਮਾਣਮੱਤੀਆਂ ਹਸਤੀਆਂ ਵਲੋਂ ਆਪਣੀ ਸਫਲ ਸਟੋਰੀ ਸਾਰਿਆਂ ਨਾਲ ਸਾਂਝੀ ਕੀਤੀ ਜਾਂਦੀ ਹੈ, ਉਸਦੇ ਨਾਲ ਉਨਾਂ ਦੇ ਰਸਤੇ ਵਿਚ ਆਈਆਂ ਮੁਸ਼ਕਿਲਾਂ ਨੂੰ ਕਿਵੇਂ ਹੱਲ ਕੀਤਾ ਗਿਆ, ਉਸ ਬਾਰੇ ਵੀ ਤਜਰਬੇ ਦੱਸੇ ਜਾਂਦੇ ਹਨ, ਜਿਸ ਨਾਲ ਖਾਸਕਰੇਕ ਨੋਜਵਾਨ ਪੀੜ੍ਹੀ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਬਹੁਤ ਪ੍ਰੇਰਨਾ ਮਿਲਦੀ ਹੈ। ਉਨਾਂ ਅੱਗੇ ਦੱਸਿਆ ਕਿ ਵਿਧਾਇਕ ਬਾਜਵਾ ਵਲੋਂ ਲੋਕਾਂ ਨੂੰ ਕੋਰੋਨਾ ਬਿਮਾਰੀ ਵਿਰੁੱਧ ਜਾਗਰੂਕ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਖੁਦ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਹੋਣ ਦੀ ਲੋੜ ਹੈ ਅਤੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਜਰੂਰਤ ਹੈ।  ਉਨਾਂ ਦੱਸਿਆ ਕਿ ਜ਼ਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਉਨਾਂ ਨੂੰ ਅੱਗੇ ਵੱਧਣ ਵਿਚ ਸਹਾਇਤਾ ਕੀਤੀ ਜਾ ਸਕੇ।
ਇਸ ਮੌਕੇ ਪਹਿਲੇ ਅਚੀਵਰਜ਼ ਡਾ. ਲਖਵਿੰਦਰ ਸਿੰਘ ਗਿੱਲ, ਜੋ ਪਿੰਡ ਗਿੱਲਾਂਵਾਲੀ, ਨੇੜੇ ਧਿਆਨਪੁਰ (ਗੁਰਦਾਸਪੁਰ) ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਦੱਸਵੀਂ ਜਮਾਤ ਸ੍ਰੀ ਬਾਵਾ ਲਾਲ ਸਰਕਾਰੀ ਹਾਈ ਸਕੂਲ ਧਿਆਨਪੁਰ ਤੋਂ ਪਾਸ ਕੀਤੀ। ਪੋਸਟ ਗਰੈਜੂਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਤੋਂ ਪਾਸ ਕੀਤੀ। ਉਪਰੰਤ ਐਮ.ਫਿੱਲ ਅਤੇ ਪੀ.ਐੱਚ ਡੀ ਕੀਤੀ। ਸਾਲ 1988 ਵਿਚ ਸਰਕਾਰੀ ਕਾਲਜ ਕਾਲਾ ਅਫਗਾਨਾ, ਨੇੜੇ ਫਤਿਹਗੜ੍ਹ ਚੂੜੀਆਂ ਵਿਖੇ ਜੁਆਇੰਨ ਕੀਤਾ ਉਪਰੰਤ ਖਾਲਸਾ ਕਾਲਜ ਅੰਮਿ੍ਰਤਸਰ ਵਿਖੇ ਕਰੀਬ 25 ਸਾਲ ਸੇਵਾਵਾਂ ਨਿਭਾਈਆ। ਉਪਰੰਤ ਡਿਪਟੀ ਡੀ.ਪੀ.ਆਈ, ਕਾਲਜਿਜ, ਪੰਜਾਬ ਤੋਂ ਸੇਵਾ ਮੁਕਤ ਹੋਏ ਹਨ। ਡਾ. ਗਿੱਲ ਵਲੋਂ ਇੰਗਲਿੰਸ਼ ਵਿਚ ਚਾਰ ਕਿਤਾਬਾਂ ਲਿਖੀਆਂ ਗਈਆਂ ਅਤੇ ਇਕ ਕਵਿਤਾ ਦੀ ਕਿਤਾਬ ‘ਤੂੰ ਕਿਓ ਨਹੀਂ ਬੋਲਦਾ’ ਲਿਖੀ ਗਈ। ਹੁਣ ਵੈਨਕੂਵਰ ਵਿਖੇ ਰਹਿ ਰਹੇ ਹਨ ਅਤੇ ‘ਰੇਡੀਓ-ਮੀਡੀਆ ਵੇਵਜ਼ 1600’ ਵਿਖੇ ਸੇਵਾਵਾਂ ਨਿਭਾ ਰਹੇ ਹਨ। ਉਨਾਂ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਅਚੀਵਰਜ਼ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਕੋਰੋਨਾ ਕੇਵਲ ਇਕ ਬਿਮਾਰੀ ਹੀ ਨਹੀਂ ਸਗੋਂ ਇਕ ਮਨੋਵਿਗਿਆਨਕ ਸੰਕਟ ਵੀ ਹੈ ਅਤੇ ਇਸ ਸੰਕਟ ਨੂੰ ਸਮੂਹਿਕ ਯਤਨਾਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਮਾਰੀ ਪ੍ਰਤੀ ਗੰਭੀਰ ਹੋਣ ਅਤੇ ਲਾਪਰਵਾਹੀ ਬਿਲਕੁਲ ਨਾ ਵਰਤਣ। ਕੈਨੇਡਾ ਦੇਸ਼ ਦੀ ਗੱਲ ਕਰਦਿਆਂ ਡਾ. ਗਿੱਲ ਨੇ ਦੱਸਿਆ ਕਿ ਇਥੋ ਦੇ ਲੋਕ ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਦੀ ਪੂਰੀ ਤਰਾਂ ਪਾਲਣਾ ਕਰਦੇ ਹਨ ਅਤੇ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਕਿ ਇਸ ਬਿਮਾਰੀ ਵਿਰੁੱਧ ਲੜਨਾ ਵੀ ਹੈ ਤੇ ਬਚਣਾ ਵੀ ਹੈ। ਲੋਕ ਮਾਸਕ ਲਾਜ਼ਮੀ ਤੋਰ ਤੇ ਪਾਉਂਦੇ ਹਨ ਅਤੇ ਵੱਖ-ਵੱਖ ਨਿਯਮਾਂ ਦੀ ਪਾਲਣਾ ਕਰਨਾ ਆਪਣੇ ਕਰੱਤਵ ਸਮਝਦੇ ਹਨ। ਉਨਾਂ ਅੱਗੇ ਕਿਹਾ ਕਿ ਸਾਨੂੰ ਇਸ ਬਿਮਾਰੀ ਤੋਂ ਬਚਾਅ ਲਈ ਕੋਵਿਡ ਵੈਕਸੀਨ ਜਰੂਰ ਲਗਾਉਣੀ ਚਾਹੀਦੀ ਹੈ, ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਹੈ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨਾਂ ਅੱਗੇ ਕਿਹਾ ਕਿ ਭੱਜਦੋੜ ਵਾਲੀ ਲਾਈਫ ਤੋਂ ਹੱਟ ਕੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ। ਬਜ਼ੁਰਗਾਂ ਨਾਲ ਬੈਠੋ, ਉਨਾਂ ਨਾਲ ਗੱਲਾਂ ਕਰੋ ਅਤੇ ਸੁਣਨ ਦੀ ਆਦਤ ਪਾਓ। ਉਨਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਰੱਖਣ ਅਤੇ ਉਨਾਂ ਦੇ ਰੋਲ ਮਾਡਲ ਬਣਨ। 
ਦੂਸਰੇ ਅਚੀਵਰਜ਼ ਮਹਿਕਦੀਪ ਕੋਰ, ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸਨੇ 10ਵੀਂ ਜਮਾਤ ਵਿਚੋਂ 90 ਫੀਸਦ ਅੰਕ ਹਾਸਲ ਕੀਤੇ ਅਤੇ ਬਾਹਰਵੀਂ ਜਮਾਤ (ਮੈਡੀਕਲ ਵਿਸ਼ੇ) ਵਿਚ 85.5 ਫੀਸਦ ਅੰਕ ਲੈ ਕ ਪਾਸ ਕੀਤੀ। ਹੁਣ ਰਿਆਤ ਬਾਹਰਾ ਡੈਂਟਲ ਕਾਲਜ ਵਿਖੇ ਬੀ.ਡੀ.ਐਸ ਵਿਚ ਤੀਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸਨੇ ਕਿਹਾ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਦ੍ਰਿੜ ਇੱਛਾ ਸ਼ਕਤੀ ਤੇ ਲਗਨ ਨਾਲ ਕੀਤੇ ਗਏ ਕੰਮ ਨੂੰ ਸਫਲਤਾ ਮਿਲਦੀ ਹੈ। ਉਸਨੇ ਦੱਸਿਆ ਕਿ ਉਸਦੇ ਦਾਦਾ-ਦਾਦੀ ਉਸਦੇ ਰੋਲ ਮਾਡਲ ਹਨ ਅਤੇ ਉਨਾਂ ਦੀ ਪ੍ਰੇਰਨਾ ਸਦਕਾ ਉਹ ਅੱਗੇ ਵੱਧ ਰਹੀ ਹੈ।
ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।
----------------------------------