ਜਲੰਧਰ, 21 ਮਈ:- ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 1 ਕਿਲੋ 680 ਗਰਾਮ ਚਰਸ ਬਰਾਮਦ ਕਰਦਿਆਂ ਅੰਤਰ ਰਾਜ਼ੀ ਨਸ਼ਾ ਸਮਗਲਰ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ਼ ਜਲੰਧਰ ਵਲੋਂ ਗੁਪਤ ਇਤਲਾਹ ’ਤੇ ਡੇਅਰੀ ਚੌਕ ਮਾਡਲ ਟਾਊਨ ਵਿਖੇ ਵਿਸ਼ੇਸ਼ ਨਾਕਾ ਲਗਾਇਆ ਗਿਆ।


ਉਨ੍ਹਾਂ ਕਿਹਾ ਕਿ ਨਾਕੇ ਦੌਰਾਨ ਚਿੱਟੇ ਰੰਗ ਦੀ ਸਵਿਫ਼ਟ ਕਾਰ ਪੀਬੀ-08 ਈਐਸ- 4629 ਨੂੰ ਆਉਂਦਿਆਂ ਦੇਖਿਆ ਗਿਆ। ਪਰ ਪੁਲਿਸ ਪਾਰਟੀ ਨੂੰ ਦੇਖਦਿਆਂ ਕਾਰ ਦੇ ਡਰਾਇਵਰ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ‘ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਪਾਰਟੀ ਵਲੋਂ ਕਾਰ ਵਿੱਚ ਬੈਠੇ ਤਿੰਨ ਨੌਜਵਾਨਾਂ ਜਿਨਾਂ ਦੀ ਪਹਿਚਾਣ ਵਰੁਣ ਕੁਮਾਰ, ਮੋਹਿਤ ਸ਼ਰਮਾ, ਅਤੇ ਸਿਮਰਨਜੀਤ ਸਿੰਘ ਰੰਧਾਵਾ, ਵਜੋਂ ਹੋਈ ਨੂੰ ਫੜਿਆ ਗਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਾਰ ਵਿੱਚ ਕੁਝ ਸ਼ੱਕੀ ਚੀਜ਼ਾਂ ਹੋਣ ’ਤੇ ਪੁਲਿਸ ਪਾਰਟੀ ਵਲੋਂ ਸਹਾਇਕ ਕਮਿਸ਼ਨਰ ਪੁਲਿਸ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੂੰ ਮੌਕੇ ’ਤੇ ਬੁਲਾਇਆ ਗਿਆ, ਅਤੇ ਕਾਰ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਵਲੋਂ 900 ਗਰਾਮ ਚਰਸ ਵਰੁਣ ਕੁਮਾਰ, 700 ਗਰਾਮ ਚਰਸ, ਮੋਹਿਤ ਸ਼ਰਮਾ, ਅਤੇ 80 ਗਰਾਮ ਚਰਸ, ਸਿਮਰਨਜੀਤ ਸਿੰਘ ਰੰਧਾਵਾ, ਪਾਸੋਂ ਬਰਾਮਦ ਕੀਤੀ ਗਈ।
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਛਗਿਛ ਦੌਰਾਨ ਮੁਲਜ਼ਮਾਂ ਵਲੋਂ ਕਬੂਲ ਕੀਤਾ ਗਿਆ ਹੈ, ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਲਿਆ ਕੇ ਇਥੇ ਮਹਿੰਗੇ ਮੁੱਲ ’ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਐਨਡੀਪੀਐਸ ਐਕਟ ਦੀ ਧਾਰਾ 20/61/85 ਤਹਿਤ ਪੁਲਿਸ ਥਾਣਾ ਨੰਬਰ 6 ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਕਮਿਸ਼ਨਰ ਪੁਲਿਸ ਨੇ ਅੱਗੇ ਦੱਸਿਆ ਕਿ ਤਿੰਨਾਂ ਵਲੋਂ ਅਕਸਰ ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਸਮੱਗਲ ਕਰਕੇ ਲਿਆਂਦਾ ਜਾਂਦਾ ਸੀ। ਅਤੇ ਫਿਰ ਰਾਜ ਵਿੱਚ ਮਨਚਾਹੀ ਕੀਮਤ ’ਤੇ ਵੇਚਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ ਰੰਧਾਵਾ ਨੂੰ ਪੁਲਿਸ ਥਾਣਾ ਨੰਬਰ 7 ਵਲੋਂ 8 ਅਗਸਤ 2017 ਨੂੰ ਧਾਰਾ 307, 160, 148, 149 ਅਤੇ 212 ‘ਤੇ ਆਰਮਜ਼ ਐਕਟ ਦੀ ਧਾਰਾ 25 ਅਤੇ 27 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ‘ਤੇ ਉਹ 2018 ਤੋਂ ਜਮਾਨਤ ’ਤੇ ਬਾਹਰ ਸੀ। ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਸ ਅੰਤਰ ਰਾਜ਼ੀ ਨਸ਼ਾ ਸਮਗਲਰ ਗੈਂਗ ਦੇ ਹੋਰਨਾਂ ਲੋਕਾਂ ਨਾਲ ਵੀ ਸਬੰਧ ਹਨ। ‘ਤੇ ਉਹ ਲੋਕ ਵੀ ਸਲਾਖਾਂ ਪਿਛੇ ਹੋਣਗੇ।