ਪੰਜਾਬ ਸਰਕਾਰ ਨੇ ਆਬਾਦੀ ਤੋਂ ਉਪਰ 45 ਸਾਲਾਂ ਲਈ ਕੋਵਿਡ -19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕੁੱਲ 48,880 ਲਾਭਪਾਤਰੀਆਂ ਨੂੰ 1 ਅਪ੍ਰੈਲ 1 ਟੀਕੇ ਦੀ ਪਹਿਲੀ ਖੁਰਾਕ ਮਿਲੀ ਅਤੇ ਇਹ ਇਕੋ ਦਿਨ ਵਿੱਚ ਟੀਕਾਕਰਨ ਕਰਵਾਉਣ ਵਾਲਿਆਂ ਦੀ ਇਹ ਹੁਣ ਤੱਕ ਦੀ ਰਾਜ ਭਰ ਵਿਚ ਸਭ ਤੋਂ ਵੱਧ ਗਿਣਤੀ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 1,46,201 ਹੈਲਥ ਕੇਅਰ ਵਰਕਰ ਅਤੇ 2,13,305 ਮੋਹਰੀ ਕਤਾਰ ਵਾਲੇ ਵਰਕਰਾਂ ਨੂੰ ਪਹਿਲਾ ਟੀਕਾ ਲਗਾਇਆ ਗਿਆ। ਉਹਨਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਵਾਲੇ 4,51,029 ਯੋਗ ਵਿਅਕਤੀਆਂ ਨੇ ਪਹਿਲਾ ਟੀਕਾ ਲਗਵਾਇਆ ਅਤੇ ਕੁੱਲ 1,08,994 ਵਿਅਕਤੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ  ਲਈ। ਉਹਨਾਂ ਕਿਹਾ ਕਿ ਤਰਜੀਹੀ ਸਮੂਹਾਂ ਦੇ ਟੀਕਾਕਰਨ ਵਿੱਚ ਤੇਜੀ ਲਿਆਉਣ ਲਈ ਅਪ੍ਰੈਲ ਮਹੀਨੇ ਵਿੱਚ ਹਫਤੇ ਦੇ ਸਾਰੇ (ਸੱਤ) ਦਿਨ ਸਮੇਤ ਗਜਟਿਡ ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਟੀਕਾਕਰਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸੂਬੇ ਦੀ ਐਫ.ਡੀ.ਆਰ. ’ਤੇ ਚਿੰਤਾ ਜ਼ਾਹਰ ਕਰਦੇ ਹੋਏ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ  80 ਫੀਸਦੀ ਤੋਂ ਵੱਧ ਮੌਤਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੁੰਦੀਆਂ ਹਨ। ਇਸ ਉਮਰ ਵਰਗ ਵਿੱਚ ਆਉਂਦੀ ਆਬਾਦੀ ਦੀ ਸੁਰੱਖਿਆ ਅਤੇ ਕੋਵਿਡ ਨਾਲ ਸਬੰਧਤ ਮੌਤ ਦਰ ਨੂੰ ਘਟਾਉਣ ਲਈ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਲਈ ਯੋਗ ਲਾਭਪਾਤਰੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨਾਂ ਕੋਵਿਡ-19 ਟੀਕਾਕਰਨ ਲਈ ਯੋਗ ਲਾਭਪਾਤਰੀਆਂ ਦੇ ਨਾਲ ਨਾਲ ਐਨ.ਜੀ.ਓਜ਼ ਅਤੇ ਵੈਲਫੇਅਰ ਕਲੱਬਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕਰਨ ਦੇ ਉਦੇਸ਼ ਨਾਲ ਅੱਗੇ ਆਉਣ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਟੀਕਾਕਰਨ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦਾ ਇਕੋ ਇਕ ਰਸਤਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ਅਨੁਸਾਰ ਜਦੋਂ ਤੱਕ ਵਿਸ਼ਵ ਦੀ 70% ਆਬਾਦੀ ਦਾ ਕੋਵਿਡ-19 ਟੀਕਾਕਰਨ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਵਾਇਰਸ ਦੇ ਫੈਲਣ ਦਾ ਖ਼ਤਰਾ ਹੈ।
ਉਨਾਂ ਭਰੋਸਾ ਦਿੱਤਾ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵੇਂ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਹਨ। ਮਹਾਂਮਾਰੀ ਦੇ ਫੈਲਣ ਨੂੰ ਰੋਕਣ ਅਤੇ ਮੌਤਾਂ ਦੀ ਗਿਣਤੀ ਘਟਾਉਣ ਲਈ ਟੀਕਾਕਰਨ ਇਕ ਮਹੱਤਵਪੂਰਣ ਸਾਧਨ ਹੈ।
ਉਨਾਂ ਦੱਸਿਆ ਕਿ ਟੀਕਾਕਰਨ ਲਈ ਦੋ ਖੁਰਾਕਾਂ ਦਾ ਸ਼ਡਿਊਲ ਹੈ ਜਿੱਥੇ ਕੋਵੀਸ਼ੀਲਡ ਦੀ ਦੂਜੀ ਖੁਰਾਕ ਪਹਿਲੀ ਖੁਰਾਕ ਤੋਂ 6-8 ਹਫਤਿਆਂ ਬਾਅਦ ਦਿੱਤੀ ਜਾਂਦੀ ਹੈ ਜਦੋਂ ਕਿ ਕੋਵੈਕਸੀਨ ਦੀ ਦੂਜੀ ਖੁਰਾਕ 4 ਹਫਤਿਆਂ ਬਾਅਦ ਦਿੱਤੀ ਜਾਂਦੀ ਹੈ।
ਉਨਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਦੀ ਅਪੀਲ ਕੀਤੀ।
ਉਹਨਾਂ ਦੱਸਿਆ ਕਿ ਟੀਕਾਕਰਨ ਲਈ ਲਾਭਪਾਤਰੀ ਖੁਦ ਨੂੰ ਕੋਵਿਨ ਪੋਰਟਲ ‘ਤੇ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ ਜਾਂ ਟੀਕਾਕਰਣ ਵਾਲੀ ਥਾਂ ‘ਤੇ ਰਜਿਸਟਰ ਕਰਵਾ ਸਕਦੇ ਹਨ। ਕੋਈ ਵੀ ਫੋਟੋ ਆਈਡੀ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਏ.ਬੀ-ਸਰਬੱਤ ਸਹਿਤ ਬੀਮਾ ਯੋਜਨਾ ਕਾਰਡ, ਵੋਟਰ ਕਾਰਡ, ਪਾਸਪੋਰਟ, ਪੈਨ ਕਾਰਡ, ਬੈਂਕ ਅਤੇ ਫੋਟੋ ਸਮੇਤ ਡਾਕਘਰ ਦੀ ਪਾਸਬੁੱਕ ਅਤੇ  ਮਨਰੇਗਾ ਜੌਬ ਕਾਰਡ ਆਦਿ ਦੀ ਵਰਤੋਂ ਰਜਿਸਟ੍ਰੇਸ਼ਨ ਲਈ ਕੀਤੀ ਜਾ ਸਕਦੀ ਹੈ ਹਾਲਾਂਕਿ ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਨੂੰ ਤਰਜੀਹ ਦਿੱਤੀ ਜਾਂਦੀ ਹੈ । ਵਧੇਰੇ ਜਾਣਕਾਰੀ ਲਈ ਕੋਈ ਵੀ ਟੋਲ ਫ੍ਰੀ ਨੰਬਰ 1075 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।