ਸ੍ਰੀ ਮੁਕਤਸਰ ਸਾਹਿਬ 30 ਅਪ੍ਰੈਲ
ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨਾਲ ਨਜਿੱਠਣ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਡਿਪਟੀ ਕਮਿਸਨਰ ਐਮ.ਕੇ.ਅਰਾਵਿੰਦ ਕੁਮਾਰ ਨੇ ਅੱਜ ਆਨ ਲਾਇਨ ਮਾਧਿਅਮ ਰਾਹੀਂ ਜਿ਼ਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤਾਂ ਜੋ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਲੋਕਾਂ ਨੂੰ  ਬਚਾਇਆ ਜਾ ਸਕੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਸ੍ਰੀ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਨੂੰ ਹਦਾਇਤ ਕੀਤੀ ਕਿ ਜਿ਼ਲ੍ਹੇ ਵਿੱਚ ਹੋਣ ਵਾਲੇ ਸਮਾਗਮਾਂ ਦੀ ਰੋਜ਼ਾਨਾ ਮੋਨੀਟਰਿੰਗ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਖੁਸ਼ੀ ਅਤੇ ਗਮੀ ਦੇ ਸਮਾਗਮਾਂ ਦੌਰਾਨ ਨਿਰਧਾਰਤ 20 ਵਿਅਕਤੀਆਂ ਤੋਂ ਵੱਧ ਇੱਕਠ ਨਾ ਹੋਣ  ਦਿੱਤਾ ਜਾਵੇ। ਉਹਨਾਂ ਇਹ ਵੀ ਨਿਰਦੇਸ਼ ਦਿੱਤੇ ਕਿ ਵਿਆਹ ਸਮਾਗਮ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਅਗੇਤਰੀ ਪ੍ਰਵਾਨਗੀ ਜਰੂਰ ਲਈ ਜਾਵੇ ਤਾਂ ਜੋ ਲੋੜ ਤੋਂ ਵੱਧ ਇਕੱਠ ਨੂੰ ਰੋਕਿਆ ਜਾ ਸਕੇ।
ਉਹਨਾਂ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਵੱਖ ਵੱਖ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਜਾਵੇ, ਜਿੱਥੇ ਵੀ ਲੋੜ ਤੋਂ ਵੱਧ ਵਿਅਕਤੀਆਂ ਦਾ ਇਕੱਠ ਪਾਇਆ ਜਾਂਦਾ ਹੈ, ਉਥੇ ਸਖਤੀ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲੈਣ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਮੁੱਖ ਸੇਵਾ ਕੇਂਦਰ ਦੀ ਇਮਾਰਤ ਵਿੱਚ ਹੈਲਪ ਲਾਇਨ ਨੰਬਰ 01633-262664 ਅਤੇ 262512 ਕਾਇਮ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਕੰਟਰੋਲ ਰੂਮ ਦੇ ਇੰਚਾਰਜ ਭਗਵਾਨ ਦਾਸ ਸਿਹਤ ਇੰਸਪੈਕਟਰ ਨੇ ਕੰਟਰੋਲ ਰੂਮ ਵਲੋਂ ਵੱਖ ਵੱਖ ਪਰਿਵਾਰਾਂ ਦੀ ਸਹਾਇਤਾ ਕਰਨ ਸਬੰਧੀ ਘਟਨਾਵਾਂ ਦਾ ਜਿਕਰ ਕੀਤਾ। ਉਹਨਾਂ ਦੱਸਿਆ ਕਿ 7 ਅਪ੍ਰੈਲ ਤੋਂ ਦਿਨ ਰਾਤ ਮਿਲਣ ਵਾਲੀ ਸੁਵਿਧਾ ਕਾਰਨ ਜਿਲ੍ਹਾ ਵਾਸੀਆਂ ਨੂੰ ਬਹੁਤ ਸਹਾਇਤਾ ਮਿਲ ਰਹੀ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੂਮ ਤੇ ਆ ਰਹੀ ਮੱਦਦ ਦੀ ਗੁਹਾਰ ਨੂੰ ਬਹੁਤ ਹੀ ਸੰਜੀਦਗੀ ਨਾਲ ਲਿਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਅੱਧੀ ਰਾਤ ਨੂੰ ਜਾਂ ਤੜਕਸਾਰ ਜਦੋਂ ਕਿਸੇ ਵਿਅਕਤੀ ਪਾਸ ਕੋਈ ਹੋਰ ਸਹਾਇਤਾ ਉਪਲਬੱਧ ਨਹੀਂ ਹੁੰਦੀ ਤਾਂ ਉਹ ਕੰਟਰੋਲ ਰੂਮ ਤੇ ਹੀ ਫੋਨ ਕਰਕੇ ਸਹਾਇਤਾ ਦੀ ਮੰਗ ਕਰਦਾ ਹੈ।ਇਹਨਾਂ ਹੀ ਨਹੀਂ ਕੰਟਰੋਲ ਰੂਮ ਦੇ 17, ਸਿਫਟਾਂ ਵਿੱਚ ਕੰਮ ਕਰਨ ਵਾਲੇ ਮੁਲਾਜਮਾਂ ਵਲੋਂ ਲੋੜ ਮੁਤਾਬਕ ਦੋ ਜਾਂ ਤਿੰਨ ਵਾਰ ਫਾਲੋਅਪ ਕਾਲ ਵੀ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕੰਟਰੋਲ ਰੂਮ ਵਲੋਂ ਲੋਕਾਂ ਦੀ ਸਹਾਇਤਾ ਦੇ ਕਿੱਸੇ ਸੁਨਣ ਉਪਰੰਤ ਭਰਪੂਰ ਸਲਾਘਾ ਕੀਤੀ ।
                                ਡਿਪਟੀ ਕਮਿਸ਼ਨਰ ਨੇ ਲੋਕ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਸਾਫ ਕੀਤਾ ਜਾਵੇ, ਮੂੰਹ ਤੇ ਮਾਸਕ ਲਗਾਇਆ ਜਾਵੇ, ਸੈਨੀਟਾਈਜਰ ਦੀ ਵਰਤੋ ਕੀਤੀ ਜਾਵੇ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।