ਵਿਦਿਆਰਥੀਆਂ ਤੇ ਅਧਿਆਪਕਾਂ ਲਈ ਆਨਲਾਈਨ ਸਿੱਖਿਆ ਵਿੱਚ ਸਹਾਈ ਈ-ਆਈ.ਟੀ.ਆਈ ਪੰਜਾਬ ਐਪ ਲਾਂਚ

ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਮੁੜ-ਸੁਰਜੀਤੀ ਨੂੰ ਹਰੀ ਝੰਡੀ 


ਸੂਬੇ ਵਿੱਚ ਮੌਜੂਦਾ ਤਕਨੀਕੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜਬੂਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 19 ਨਵੀਆਂ ਆਈਟੀਆਈਜ਼ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਜਿਹਨਾਂ ਵਿੱਚ ਬਿਆਸ ਵਿਖੇ ਸਥਾਪਤ ਕੀਤੀ ਜਾਣ ਵਾਲੀ ਆਈਟੀਆਈ ਵੀ ਸ਼ਾਮਲ ਹੋਵੇਗੀ। ਇਹਨਾਂ ਆਈਟੀਆਈਜ਼ ਦੀਆਂ ਕਲਾਸਾਂ ਅਗਾਮੀ ਸ਼ੈਸ਼ਨ ਵਿੱਚ ਸ਼ੁਰੂ ਹੋਣਗੀਆਂ।

ਅੱਜ ਇੱਥੇ ਇਕ ਉੱਚ ਪੱਧਰੀ ਵਿਭਾਗੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਆਫ ਸਕਿੱਲਜ (ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੇ ਸਬੰਧਤ ਕਾਲਜ ਵਜੋਂ) ਨੂੰ 2021-22 ਸ਼ੈਸ਼ਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵਜੋਂ ਅਪਗ੍ਰੇਡ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ ਮੁੜ ਸੁਰਜੀਤ ਕੀਤੇ ਜਾਣ ਦੀ ਵਿਭਾਗੀ ਤਜਵੀਜ ਨੂੰ ਵੀ ਪ੍ਰਵਾਨਗੀ ਦੇ ਦਿੱਤੀ।

ਉਸਾਰੀ ਪੱਖੋਂ 16 ਆਈਟੀਆਈਜ਼ ਦਾ ਕੰਮ ਚੱਲ ਰਿਹਾ ਹੈ ਜਦੋਂ ਕਿ ਲੋਕ ਨਿਰਮਾਣ ਵਿਭਾਗ ਨੇ 2 ਆਈਟੀਆਈਜ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਇਹਨਾਂ 19 ਵਿੱਚੋਂ 16 ਆਈਟੀਆਈਜ਼ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾਵੇਗੀ ਜਦੋਂ ਕਿ ਬਾਕੀ 3 ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਉਸਾਰੀਆਂ ਜਾਣਗੀਆਂ।  ਇਹਨਾਂ ਆਈਟੀਆਈਜ਼ ਲਈ ਜਰੂਰੀ ਅਸਾਮੀਆਂ ਦੀ ਸਿਰਜਣਾ ਹਿੱਤ ਵਿੱਤ ਵਿਭਾਗ ਨੇ ਮਨਜੂਰੀ ਦੇ ਦਿੱਤੀ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਇਕ ਮੋਬਾਇਲ ਐਪ ਈ- ਆਈਟੀਆਈ ਪੰਜਾਬ ਵੀ ਜਾਰੀ ਕੀਤਾ ਜੋ ਕਿ  ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੀ ਜ਼ਰੂਰੀ ਸਮੱਗਰੀ ਮੁਹੱਈਆ ਕਰਨ ਦੇ ਨਾਲ ਨਾਲ ਉਹਨਾਂ ਲਈ ਸਿੱਖਿਆ ਦੇ ਆਧੁਨਿਕ ਤਰੀਕਿਆਂ ਦੀ ਸਿਖਲਾਈ ਦਾ ਵੀ ਚੰਗਾ ਸਾਧਨ ਸਾਬਤ ਹੋਵੇਗਾ। ਇਹ ਐਪ ਵਿਭਾਗ ਦੁਆਰਾ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਆਨਲਾਈਨ ਸਿਖਲਾਈ ਦਾ ਪੂਰਾ ਪੈਕੇਜ ਹੈ। ਇਸ ਵਿੱਚ 66 ਈ-ਬੁੱਕਸ, ਪੀ.ਪੀ.ਟੀ. ਪ੍ਰੈਜੈਂਟੇਸ਼ਨ ਵਜੋਂ  700 ਲੈਕਚਰ, 900 ਲੈਕਚਰਾਂ ਦੀਆਂ ਵੀਡੀਓਜ਼, ਪ੍ਰੈਕਟੀਕਲ ਸਿੱਖਿਆ ਦੇ 500 ਵੀਡੀਓਜ਼ ਅਤੇ 30000 ਸਵਾਲਾਂ ਵਾਲਾ ਪ੍ਰਸ਼ਨ ਬੈਂਕ ਵੀ ਹੈ ਜੋ ਕਿ ਆਨਲਾਈਨ ਸਿੱਖਿਆ ਪੱਖੋਂ ਵਿਦਿਆਰਥੀਆਂ ਦੀ ਮਦਦ ਕਰੇਗਾ।

ਇਕ ਹੋਰ ਫੈਸਲੇ ਵਿੱਚ ਮੁੱਖ ਮੰਤਰੀ ਨੇ ਵਿਭਾਗ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਅਤੇ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਗੁਰਦਾਸਪੁਰ ਵਿੱਚ ਦਾਖ਼ਲਿਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਦਾਖ਼ਲੇ ਜੁਲਾਈ 2021  ਤੋਂ ਸ਼ੁਰੂ ਕਰਨ ਲਈ ਕਿਹਾ। ਇਹਨਾਂ ਦੋਵਾਂ ਸੰਸਥਾਵਾਂ ਨੂੰ ਕੈਂਪਸ/ਗੈਰ-ਸਬੰਧਤ ਯੂਨੀਵਰਸਿਟੀਆਂ ਵਜੋਂ ਅਪਗ੍ਰੇਡ ਕਰ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਹਨਾਂ ਵਿੱਚ ਆਈਟੀਆਈਜ਼ ਵਿੱਚ ਬੀਤੇ 10 ਵਰ੍ਹਿਆਂ ਤੋਂ 23,000 ਦੇ ਅੰਕੜੇ ਉੱਤੇ ਖੜ੍ਹੀ ਸੀਟਾਂ ਦੀ ਗਿਣਤੀ 60 ਫ਼ੀਸਦੀ ਦਾ ਵਾਧਾ ਦਰਜ ਕਰਦੀ ਹੋਈ 37,996 ਉੱਤੇ ਪਹੁੰਚ ਗਈ ਹੈ।

ਵਿਦਿਆਰਥੀਆਂ ਦੀ ਸਿਖਲਾਈ ਨੂੰ ਉਦਯੋਗਿਕ ਖੇਤਰ ਦੇ ਅਨੁਕੂਲ ਬਣਾਉਣ ਲਈ ਸਿਖਲਾਈ ਦੀ ਦੁਵੱਲੀ ਪ੍ਰਣਾਲੀ ਵੀ ਆਈਟੀਆਈਜ਼ ਵਿੱਚ ਉਦਯੋਗ ਜਗਤ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ। ਇਸ ਪ੍ਰਣਾਲੀ ਤਹਿਤ ਵਿਦਿਆਰਥੀਆਂ ਨੂੰ ਆਈਟੀਆਈ ਵਿੱਚ 6 ਮਹੀਨਿਆਂ ਦੀ ਥਿਊਰੀ ਦੀ ਸਿਖਲਾਈ ਅਤੇ 6 ਮਹੀਨਿਆਂ ਲਈ ਕਿਸੇ ਉਦਯੋਗ ਵਿੱਚ ਵਿਹਾਰਕ (ਪ੍ਰੈਕਟੀਕਲ) ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਸਿੱਟੇ ਵਜੋਂ ਮੌਜੂਦਾ ਵਰ੍ਹੇ ਇਸ ਪ੍ਰਣਾਲੀ ਤਹਿਤ 413 ਇਕਾਈਆਂ ਨੂੰ ਚਲਾਇਆ ਜਾਵੇਗਾ ਜਿਸ ਨਾਲ 8500 ਵਿਦਿਆਰਥੀਆਂ ਨੂੰ ਲਾਭ ਪੁੱਜੇਗਾ।

ਮੁੱਖ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਵਿਭਾਗ ਵੱਲੋਂ ਉਦਯੋਗ ਜਗਤ ਦੀਆਂ ਕਈ ਮਸ਼ਹੂਰ ਕੰਪਨੀਆਂ ਜਿਵੇਂ ਕਿ ਹੀਰੋ ਸਾਇਕਲਜ਼, ਟ੍ਰਾਈਡੈਂਟ ਲਿਮ., ਏਵਨ ਸਾਈਕਲਜ਼, ਸਵਰਾਜ ਇੰਜਨ ਲਿਮ., ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੁਗਲ ਪਟਿਆਲਾ, ਗੋਦਰੇਜ ਐਂਡ ਬੌਇਸ ਲਿਮ. ਮੋਹਾਲੀ, ਇੰਟਰਨੈਸ਼ਨਲ ਟਰੈਕਟਰਜ਼ ਲਿਮ. (ਸੋਨਾਲੀਕਾ) ਹੁਸ਼ਿਆਰਪੁਰ, ਐਨਐਫਐਲ ਬਠਿੰਡਾ ਅਤੇ ਨੰਗਲ, ਨੈਸਲੇ ਇੰਡੀਆ ਲਿਮ. ਬਠਿੰਡਾ ਅਤੇ ਮੋਗਾ, ਹੀਰੋ ਯੂਟੈਕਟਿਕ ਇੰਡਸਟ੍ਰੀ ਲੁਧਿਆਣਾ, ਪੰਜਾਬ ਐਲਕਲੀਜ਼ ਐਂਡ ਕੈਮੀਕਲਜ਼ ਲਿਮ. ਨੰਗਲ, ਹੋਟਲ ਹਾਯਤ ਅਤੇ ਹੋਟਲ ਤਾਜ ਆਦਿ ਨਾਲ ਤਾਲਮੇਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬੀਤੇ 15 ਮਹੀਨਿਆਂ ਦੌਰਾਨ ਤਕਰੀਬਨ ਅੱਧੇ ਕੋਰਸ ਜੋ ਕਿ ਸਟੇਟ ਕੌਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ (ਐਸਸੀਵੀਟੀ) ਨਾਲ ਸਬੰਧਤ ਸਨ, ਉਹਨਾਂ ਨੂੰ ਅਪਗ੍ਰੇਡ ਕਰਕੇ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐਨਸੀਵੀਈਟੀ) ਨਾਲ ਜੋੜ ਦਿੱਤਾ ਗਿਆ ਹੈ। ਇਹਨਾਂ ਐਨਸੀਵੀਈਟੀ ਪ੍ਰਮਾਣ ਪੱਤਰਾਂ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ ਦੇ 160 ਦੇਸ਼ਾਂ ਵਿੱਚ ਮਾਣਤਾ ਹਾਸਲ ਹੈ। ਸਾਲ 2018 ਵਿੱਚ ਸਿਰਫ਼ 12750 ਵਿਦਿਆਰਥੀਆਂ ਨੂੰ 606 ਐਨਸੀਵੀਟੀ ਇਕਾਈਆਂ ਵਿੱਚ ਐਨਸੀਵੀਈਟੀ ਪ੍ਰਮਾਣ ਪੱਤਰ ਹਾਸਲ ਹੋਇਆ ਜਦਕਿ ਇਸ ਸ਼ੈਸ਼ਨ ਵਿੱਚ 33635 ਵਿਦਿਆਰਥੀਆਂ ਨੂੰ 1597 ਐਨਸੀਵੀਟੀ ਇਕਾਈਆਂ ਵਿੱਚ ਐਨਸੀਵੀਈਟੀ ਪ੍ਰਮਾਣ ਪੱਤਰ ਹਾਸਿਲ ਹੋਵੇਗਾ ਜੋ ਕਿ 160 ਫ਼ੀਸਦੀ ਦਾ ਵਾਧਾ ਹੈ।

ਇਸ ਤੋਂ ਛੁੱਟ ਵਿਭਾਗ ਨੇ ਭਾਰਤ ਸਰਕਾਰ ਦੇ ਵੱਖੋ-ਵੱਖ 16 ਵਿਸ਼ਿਆਂ ਦੀਆਂ ਕਿਤਾਬਾਂ ਪੰਜਾਬੀ ਵਿੱਚ ਤਰਜ਼ੁਮਾਂ ਕਰਵਾਈਆਂ ਹਨ ਅਤੇ 25 ਹੋਰ ਵਿਸ਼ਿਆਂ ਦਾ ਪੰਜਾਬੀ ਵਿੱਚ ਤਰਜ਼ੁਮਾਂ ਜਾਰੀ ਹੈ। ਇਸ ਦੇ ਨਾਲ ਹੀ ਸੂਬੇ ਵੱਲੋਂ 25000 ਸਵਾਲ ਡੀਜੀਟੀ ਨੂੰ ਪੰਜਾਬੀ ਭਾਸ਼ਾ ਵਿੱਚ ਭੇਜੇ ਗਏ ਹਨ ਤਾਂ ਜੋ ਪ੍ਰਸ਼ਨ ਬੈਂਕ ਵਿੱਚ ਇਹ ਸ਼ਾਮਲ ਕੀਤੇ ਜਾ ਸਕਣ।