*ਸਬ ਡਵੀਜ਼ਨ ਪੱਧਰ 'ਤੇ ਸੈਂਪਲਿੰਗ ਲਈ 3 ਟੀਮਾਂ ਦਾ ਗਠਨ

*ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਟਰੇਸਿੰਗ 'ਚ ਤੇਜ਼ੀ ਲਿਆਉਣ ਦੇ ਆਦੇਸ਼

*ਕੰਟੇਨਮੈਂਟ ਜ਼ੋਨਾਂ ਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਪੂਰਨ ਤਾਲਾਬੰਦੀ ਕਰਨ ਦੀ ਹਦਾਇਤ

*ਡੀ.ਸੀ ਵੱਲੋਂ ਐਸ.ਐਸ.ਪੀ, ਐਸ.ਡੀ.ਐਮਜ਼ ਤੇ ਹੋਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਜਾਇਜ਼ਾ

ਮਾਨਸਾ, 23 ਅਪ੍ਰੈਲ: ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਹੋਈ ਵੀਡੀਓ ਕਾਨਫਰੰਸ ਦੌਰਾਨ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਵਿੱਚ ਕੋਵਿਡ-19 ਦੇ ਪਾਸਾਰ ਨੂੰ ਰੋਕਣ ਲਈ ਕੀਤੀ ਜਾ ਰਹੀ ਟੈਸਟਿੰਗ ਤੇ ਵੈਕਸੀਨੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਟੈਸਟਿੰਗ ਦੀ ਦਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ 'ਤੇ ਸੈਂਪਲਿੰਗ ਪ੍ਰਕਿਰਿਆ ਵਧਾਉਣ ਲਈ ਹਦਾਇਤ ਕੀਤੀ। ਇਸ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਟੈਸਟਿੰਗ ਤੇ ਵੈਕਸੀਨੇਸ਼ਨ ਲਈ 27 ਟੀਮਾਂ ਸਰਗਰਮ ਹਨ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰੋਜ਼ਾਨਾ ਦੇ ਆਧਾਰ 'ਤੇ ਸ਼ੱਕੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸੈਂਪਲਿੰਗ ਪ੍ਰਕਿਰਿਆ ਪੂਰਾ ਦਿਨ ਚਾਲੂ ਰੱਖੀ ਜਾਵੇ।

ਡਿਪਟੀ ਕਮਿਸ਼ਨਰ ਨੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਕੰਟੈਕਟ ਟਰੇਸਿੰਗ ਕਰਨ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਸਬ ਡਵੀਜ਼ਨ ਪੱਧਰ 'ਤੇ ਸੈਂਪਲਿੰਗ ਲਈ 3 ਟੀਮਾਂ ਦੇ ਗਠਨ ਲਈ ਹਦਾਇਤ ਕੀਤੀ ਜੋ ਕਿ ਐਸ.ਡੀ.ਐਮਜ਼ ਵੱਲੋਂ ਬਣਾਏ ਸ਼ਡਿਊਲ ਮੁਤਾਬਕ ਕਾਰਜਸ਼ੀਲ ਰਹਿਣਗੀਆਂ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਨੂੰ ਕਿਹਾ ਕਿ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨਾਲ ਫੋਨ 'ਤੇ ਰਾਬਤਾ ਕਰਕੇ ਸਮੇਂ ਸਮੇਂ 'ਤੇ ਉਨ੍ਹਾਂ ਦੀ ਸਿਹਤ ਸਬੰਧੀ ਜਾਇਜ਼ਾ ਲਿਆ ਜਾਵੇ। ਮੀਟਿੰਗ ਦੌਰਾਨ ਕੋਵਿਡ-19 ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਕੰਟੇਨਮੈਂਟ ਜ਼ੋਨ ਅਤੇ ਮਾਈਕਰੋ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਦੀ ਪੂਰੀ ਤਰ੍ਹਾਂ ਤਾਲਾਬੰਦੀ ਕਰਨ ਅਤੇ ਉਨ੍ਹਾਂ ਖੇਤਰਾਂ ਦੇ ਵਸਨੀਕਾਂ ਦੀ 100 ਫੀਸਦੀ ਟੈਸਟਿੰਗ ਦੀ ਵੀ ਹਦਾਇਤ ਕੀਤੀ ਗਈ।

ਮੀਟਿੰਗ ਦੌਰਾਨ ਸੀ.ਟੀ.ਪੀ.ਓ-ਕਮ-ਐਸ.ਡੀ.ਐਮ ਬੁਢਲਾਡਾ ਸਾਗਰ ਸੇਤੀਆ ਨੇ ਕਿਹਾ ਕਿ ਮਾਸਕ ਪਹਿਨਣ ਵਿੱਚ ਕਈ ਲੋਕਾਂ ਵੱਲੋਂ ਲਾਪਰਵਾਹੀ ਵਰਤੀ ਜਾਂਦੀ ਹੈ ਜੋ ਕਿ ਕਾਫ਼ੀ ਘਾਤਕ ਸਿੱਧ ਹੋ ਸਕਦੀ ਹੈ। ਇਸ ਸਬੰਧੀ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨਵੀਂਆਂ ਗਾਈਡਲਾਈਨ ਸਬੰਧੀ ਵੱਖ ਵੱਖ ਸੰਸਥਾਵਾਂ ਨਾਲ ਮੀਟਿੰਗਾਂ ਕਰਕੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਪੁਲਿਸ ਟੀਮਾਂ ਵੱਲੋਂ ਇਨ੍ਹਾਂ ਗਾਈਡਲਾਈਨਜ਼ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੀਟਿੰਗ ਦੌਰਾਨ ਏ.ਡੀ.ਸੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ ਸਰਦੂਲਗੜ੍ਹ ਸਰਬਜੀਤ ਕੌਰ, ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਸਿੰਘ ਰਾਏ, ਐਪੀਡੋਮੋਲਿਜਸਟ ਡਾ. ਸੰਤੋਸ਼ ਭਾਰਤੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।