ਬਿਰੜਵਾਲ ਦੀ 105 ਸਾਲਾ ਜਤਨ ਕੌਰ, ਕਲਿਆਣ ਦੀ 104 ਸਾਲਾ ਸੀਤਾ ਦੇਵੀ ਤੇ ਰੱਖੜਾ ਦੇ 104 ਸਾਲਾ ਨਾਜਰ ਸਿੰਘ ਨੇ ਲਗਵਾਈ ਪਹਿਲੀ ਡੋਜ

ਪਟਿਆਲਾ ਜ਼ਿਲ੍ਹੇ ਦੇ ਸੌ ਸਾਲਾਂ ਤੋਂ ਵੱਧ ਉਮਰ ਦੇ ਤਿੰਨ ਅਜਿਹੇ ਨਾਗਰਿਕ ਹੋਰਨਾਂ ਲਈ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਲਈ ਚਾਨਣ ਮੁਨਾਰਾ ਬਣਕੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਖ਼ੁਦ ਇਸ ਟੀਕਾਕਰਨ ਮੁਹਿੰਮ ਦਾ ਹਿੱਸਾ ਬਣਦਿਆਂ ਟੀਕਾ ਲਗਵਾ ਲਿਆ ਹੈ।

ਨਾਭਾ ਦੇ ਪਿੰਡ ਬਿਰੜਵਾਲ ਦੀ 105 ਸਾਲਾ ਬੇਬੇ ਜਤਨ ਕੌਰ, ਕਲਿਆਣ ਦੀ 104 ਸਾਲਾ ਸੀਤਾ ਦੇਵੀ ਅਤੇ ਪਿੰਡ ਰੱਖੜਾ ਦੇ 104 ਸਾਲਾ ਨਾਜਰ ਸਿੰਘ ਪਟਿਆਲਾ ਜ਼ਿਲ੍ਹੇ ‘ਚ ਟੀਕਾਕਰਨ ਲਹਿਰ ਦੇ ਦੂਸਰਿਆਂ ਲਈ ਰਾਹ ਦਸੇਰਾ ਬਣ ਗਏ ਹਨ।

Jattan Kaur
Jattan Kaur (105 years old) vaccinated at vill. Biradwal in Patiala with her son and grand son

ਜਤਨ ਕੌਰ, ਨੇ ਕੋਵਿਡ ਮਹਾਂਮਾਰੀ ਨੂੰ ਹਰਾਉਣ ਲਈ ਪਿੰਡ ਬਿਰੜਵਾਲ ‘ਚ ਲੱਗੇ ਵਿਸ਼ੇਸ਼ ਕੈਂਪ ‘ਚ ਜਾ ਕੇ ਆਪਣੇ ਪਰਿਵਾਰ ਦੇ ਤੀਜੀ ਪੀੜ੍ਹੀ ਦੇ ਹੋਰਨਾਂ ਜੀਆਂ ਨਾਲ ਆਪਣੀ ਦ੍ਰਿੜਤਾ ਦਿਖਾਉਂਦਿਆਂ ਟੀਕਾ ਲਗਵਾਇਆ। ਇਸ ਦੌਰਾਨ ਉਸਦੇ ਪੁੱਤਰ ਅਤੇ ਪੋਤਰੇ ਨੇ ਵੀ ਬਿਨ੍ਹਾਂ ਕਿਸੇ ਹਿਚਕਚਾਹਟ ਦੇ ਟੀਕੇ ਲਗਵਾਏ। ਉਸਦੇ ਪੁੱਤਰ ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਉਹ ਟੀਕਾਕਰਨ ਕੈਂਪ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਉਨ੍ਹਾਂ ਦੀ ਮਾਤਾ ਜੀ ਨੇ ਵੀ ਉਨ੍ਹਾਂ ਦੇ ਨਾਲ ਜਾਕੇ ਟੀਕਾ ਲਗਵਾਉਣ ਦੀ ਹਾਮੀ ਭਰੀ। ਉਨ੍ਹਾਂ ਦੱਸਿਆ ਕਿ ਮਾਤਾ ਜੀ ਵੱਲੋਂ ਟੀਕਾ ਲਗਵਾਉਣ ਲਈ ਦਿਖਾਏ ਹੌਂਸਲੇ ਨੂੰ ਵੇਖਦਿਆਂ ਹੋਰਨਾਂ ਲੋਕਾਂ ਨੇ ਵੀ ਟੀਕਾ ਲਗਵਾਇਆ।

Najar
Najar Singh (104 years old) vaccinated at vill. Rakhra in Patiala

ਇਸੇ ਤਰ੍ਹਾਂ ਰੱਖੜਾ ਦੇ ਵਾਸੀ ਨਾਜਰ ਸਿੰਘ ਨੇ ਵੀ ਟੀਕਾ ਲਗਵਾਉਣ ਮਗਰੋਂ ਉਤਸ਼ਾਹ ਨਾਲ ਆਖਿਆ ਕਿ ਉਸਨੂੰ ਕੋਈ ਤਕਲੀਫ਼ ਨਹੀਂ ਅਤੇ ਲੋਕਾਂ ਨੂੰ ਵੀ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਸਾਨੂੰ ਸਰਕਾਰ ਦੀ ਇਸ ਮੁਹਿੰਮ ਦਾ ਸਾਥ ਦਿੰਦੇ ਹੋਏ ਇਸ ਭਿਆਨਕ ਮਹਾਂਮਾਰੀ ਨੂੰ ਹਰਾਉਣ ਲਈ ਟੀਕੇ ਲਗਵਾ ਕੇ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਕਰਨੀ ਚਾਹੀਦੀ ਹੈ।

ਜ਼ਿਲ੍ਹੇ ‘ਚ ਕੋਵਿਡ-19 ਖ਼ਿਲਾਫ਼ ਜੰਗ ਦੀ ਅਗਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜਦੋਂ ਵਡੇਰੀ ਉਮਰ, ਖਾਸ ਕਰਕੇ 100 ਸਾਲਾਂ ਤੋਂ ਵੱਧ ਉਮਰ ਦੇ ਨਾਗਰਿਕ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਲਈ ਬਹਾਦਰੀ ਦਿਖਾਉਂਦੇ ਹੋਏ ਅੱਗੇ ਆਉਂਦੇ ਹਨ ਤਾਂ ਇਹ ਦੂਸਰਿਆਂ ਲਈ ਇੱਕ ਉਦਾਹਰਣ ਬਣਦੀ ਹੈ, ਜਿਸ ਨਾਲ ਤਸੱਲੀ ਦਾ ਇਜ਼ਹਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਖਾਤਮੇ ਲਈ ਟੀਕਾਕਰਨ ਇੱਕ ਕਾਰਗਰ ਹਥਿਆਰ ਹੈ, ਜਿਸ ਲਈ ਜ਼ਿਲ੍ਹੇ ਦੇ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਵਾਉਣੀ ਚਾਹੀਦੀ ਹੈ।

Sita Devi
Sita Devi (104 years old) vaccinated at vill. Kalyan in Patiala

ਜ਼ਿਲ੍ਹੇ ‘ਚ ਟੀਕਾਕਰਨ ਲਹਿਰ ‘ਚ ਆਈ ਤੇਜੀ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ‘ਚ ਆਊਟ ਰੀਚ ਟੀਕਾਕਰਨ ਕੈਂਪ ਲਗਾਉਣ ਲਈ ਪੰਚਾਇਤਾਂ ਅਤੇ ਕੌਂਸਲਰਾਂ ਸਮੇਤ ਹੋਰ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਕਿ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ ਤੋਂ ਸੁਰੱਖਿਅਤ ਕੀਤਾ ਜਾ ਸਕੇ।

ਸਿਹਤ ਕਾਮਿਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਿਹਤ ਕਰਮਚਾਰੀ ਦਿਨੋ-ਦਿਨ ਵਧ ਰਹੇ ਦਬਾਅ ਹੇਠ ਵੀ ਲਗਾਤਾਰ ਬਿਨ੍ਹਾਂ ਥੱਕੇ ਤੇ ਬਿਨ੍ਹਾਂ ਰੁਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸੇ ਤਰ੍ਹਾਂ ਮਾਲ ਅਤੇ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ, ਸਹਿਕਾਰਤਾ, ਮੰਡੀ ਬੋਰਡ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਪ੍ਰਸ਼ਾਸਨ ਦਾ ਸਾਥ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਅਸੀਂ ਕੋਵਿਡ ਟੀਕਾਕਰਨ ਦਾ ਅੰਕੜਾ 1.5 ਲੱਖ ਤੋਂ ਪਾਰ ਕਰ ਲਿਆ ਹੈ ਅਤੇ ਊਮੀਦ ਹੈ ਕਿ ਆਉਂਦੇ ਦਿਨਾਂ ਤੱਕ ਇਹ ਦੁੱਗਣਾ ਹੋ ਜਾਵੇਗਾ।