ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਕਰਸ਼ਕ ਵਿਅਕਤੀਆਂ ਵਿੱਚੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਜੀਵਨ ਕਾਲ (1670-1716) ਦੇ ਪਿਛਲੇ 7 ਸਾਲਾਂ (1709-1715) ਦੌਰਾਨ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਨੇ ਅਠਾਰ੍ਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ। ਉਹ ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇਕ ਜਾਂਬਾਜ਼ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਉੱਭਰ ਕੇ ਸਾਹਮਣੇ ਆਇਆ।
ਪ੍ਰਸਿੱਧ ਇਤਿਹਾਸਕਾਰ ਮੈਕਲੇਗਰ ਲਿਖਦਾ ਹੈ ਕਿ ‘‘ਬੰਦਾ (ਬਹਾਦਰ), ਯੋਧਿਆਂ ਤੇ ਜਰਨੈਲਾਂ ਵਿੱਚ ਉੱਚੀ ਥਾਂ ਰੱਖਦਾ ਹੈ। ਉਸ ਦਾ ਨਾਂ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਮੁਗ਼ਲਾਂ ਵਿੱਚ ਦਹਿਸ਼ਤ ਫੈਲਾਉਣ ਲਈ ਕਾਫੀ ਸੀ। ਉਂਜ ਵੀ ਬੰਦਾ ਬਹਾਦਰ ਦੇ ਜੰਗੀ ਕਾਰਨਾਮਿਆਂ ’ਤੇ ਝਾਤ ਮਾਰਦਿਆਂ ਇਹ ਤੱਥ ਨਿੱਖਰਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਉਹ ਪੰਜਾਬ ਦੇ ਇਤਿਹਾਸ ਦਾ ਇਕ ਲਾਸਾਨੀ ਨਾਇਕ ਅਤੇ ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ ਸੀ। ਉਸ ਨੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ।
ਡਾ. ਗੋਕਲ ਚੰਦ ਨਾਰੰਗ ਨੇ ਲਿਖਿਆ “ਇਤਿਹਾਸ ਦੇ ਅਤਿ ਨਾਜ਼ੁਕ ਦੌਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਮੁੜ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਇਹ ਸਿਖਾਇਆ ਕਿ ਕਿਵੇਂ ਲੜੀਦਾ ਅਤੇ ਜਿੱਤ ਪ੍ਰਾਪਤ ਕਰੀਦੀ ਹੈ। ਕਹਾਣੀ ਦਾ ਪਲਾਟ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਅਦਾਕਾਰ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਸਿਆਣਪ ਨਾਲ ਤਿਆਰ ਕੀਤੇ, ਪਰ ਇਹ ਬੰਦਾ (ਬਹਾਦਰ) ਹੀ ਸੀ, ਜਿਸ ਨੇ ਅਦਾਕਾਰਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਚੰਗੀ ਤਰ੍ਹਾਂ ਖਿਡਾਇਆ।’’
ਮਹਾਨ ਜਰਨੈਲਾਂ ਸਿਕੰਦਰ ਮਹਾਨ, ਨੈਪੋਲੀਅਨ ਬੋਨਾਪਾਰਟ, ਹਿਟਲਰ ਜਾਂ ਚਰਚਿਲ ਦੀ ਮਹਾਨਤਾ ਦੁਨੀਆਂ ਵਿਚ ਮੰਨੀ ਜਾਂਦੀ ਹੈ। ਪਰੰਤੂ ਇਨ੍ਹਾਂ ਯਤਨਾਂ ਦੇ ਪਿੱਛੇ ਉਨ੍ਹਾਂ ਦੇ ਮੁਲਕਾਂ ਦੀ ਮੁਕੰਮਲ ਜਨ-ਸ਼ਕਤੀ ਤੇ ਰਾਜ-ਸ਼ਕਤੀ ਸੀ। ਵੱਡੀ ਜੰਗਜੂ ਅਤੇ ਯੁੱਧ ਵਿੱਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਫੌਜ ਸੀ ਅਤੇ ਉਹ ਉਨ੍ਹਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਿਕ ਨੇਤਾ ਵੀ ਸਨ। ਪਰੰਤੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਦੀ ਕਿਰਪਾ ਦੁਆਰਾ ਉਨ੍ਹਾਂ ਨੇ ਸਭ ਕੁਝ ਨਾਲੋਂ ਨਾਲ ਕੀਤਾ। ਫੌਜ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋਂ-ਨਾਲ ਚਲਦੀਆਂ ਰਹੀਆਂ।
ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਇਸ ਲਾਸਾਨੀ ਯੋਧੇ ਦਾ ਜਨਮ 16 ਅਕਤੂਬਰ, 1670ਈ. ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਹੋਇਆ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ। ਉਸ ਦਾ ਪਿਤਾ ਰਾਮਦੇਵ (ਰਾਜਪੂਤ) ਇਕ ਸਾਧਾਰਨ ਕਿਸਾਨ ਸੀ। ਉਹ ਛੋਟੀ ਉਮਰੇ ਹੀ ਇਕ ਅੱਛਾ ਘੋੜ-ਸਵਾਰ, ਪੱਕਾ ਨਿਸ਼ਾਨੇਬਾਜ਼ ਤੇ ਚੰਗਾ ਸ਼ਿਕਾਰੀ ਬਣ ਗਿਆ ਸੀ।ਲਛਮਣ ਦਾਸ 15 ਕੁ ਵਰ੍ਹਿਆਂ ਦੀ ਉਮਰ ਵਿੱਚ ਹੀ ਘਰ-ਬਾਰ ਤਿਆਗ ਕੇ ਬੈਰਾਗੀ ਬਣ ਗਿਆ ਸੀ ਅਤੇ ਉਸ ਦੇ ਗੁਰੂ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ, ਗੋਦਾਵਰੀ ਦਰਿਆ ਦੇ ਕੰਢੇ, ਇਕ ਸ਼ਾਂਤ ਤੇ ਸੁੰਦਰ ਸਥਾਨ ’ਤੇ ਆਪਣਾ ਟਿਕਾਣਾ ਬਣਾ ਲਿਆ। ਇਸ ਸਥਾਨ ’ਤੇ ਹੀ 3 ਸਤੰਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਾਧੋ ਦਾਸ ਨਾਲ ਪਹਿਲੀ ਮੁਲਾਕਾਤ ਹੋਈ।
ਸਿੱਖਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਸਾਹਿਬ ਨੇ ਬੜੇ ਨਾਟਕੀ ਢੰਗ ਨਾਲ ਮਾਧੋ ਦਾਸ ਦੀ ਚੋਣ ਕੀਤੀ। ਮੁਗ਼ਲਾਂ ਨਾਲ ਸਿੱਧੀ ਟੱਕਰ ਲੈਣ ਲਈ ਚੁਣੇ ਗਏ ਇਸ ਯੋਧੇ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਂ ਅਤੇ ‘ਬਹਾਦੁਰ’ ਦਾ ਖ਼ਿਤਾਬ ਬਖਸ਼ਿਆ ਅਤੇ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ। ਸਲਾਹਕਾਰਾਂ ਵਜੋਂ ਪੰਜ ਪਿਆਰੇ ਤੇ 20 ਹੋਰ ਸਿੰਘ ਨਾਲ ਭੇਜੇ।
ਬੰਦਾ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ। ਬਸ, ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰਨਾਵੇਂ ਨਾਲ ਸਿੱਖ ਇਤਿਹਾਸ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਨਾਂਦੇੜ ਤੋਂ ਦਿੱਲੀ ਪਹੁੰਚਣ ਤੱਕ ਬੰਦਾ ਸਿੰਘ ਬਹਾਦਰ ਨਾਲ ਕੇਵਲ ਗਿਣਤੀ ਦੇ ਸਿੰਘ ਸਨ।
ਰੋਹਤਕ-ਸੋਨੀਪਤ ਦੇ ਇਲਾਕੇ ਵਿੱਚ ਦਾਖਲ ਹੋਣ ਉਪਰੰਤ ਖਾਲਸਾ ਵਹੀਰ ਸਹੇਰੀ- ਖੰਡਾ ਨਾਂ ਦੇ ਦੋ ਜੁੜਵੇਂ ਪਿੰਡਾਂ ਦੀ ਜੂਹ ਵਿੱਚ ਰੁਕੀ ਤਾਂ ਕਿ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ। ਇਥੋਂ ਹੀ ਬੰਦਾ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਪੱਤਰ ਲਿਖੇ ਅਤੇ ਗੁਰੂ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਭੇਜੇ। ਸੰਦੇਸ਼ ਮਿਲਦਿਆਂ ਹੀ ਸਿੱਖਾਂ ਨੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਹੇਰੀ-ਖੰਡਾ ਪਹੁੰਚਣਾ ਸ਼ੁਰੂ ਕਰ ਦਿੱਤਾ।
ਸਿੰਘ ਸੂਰਮਿਆਂ ਦੇ ਠਾਠਾਂ ਮਾਰਦੇ ਇਕੱਠ ਅਤੇ ਉਨ੍ਹਾਂ ਦੇ ਉੱਚ ਮਨੋਬਲ ਤੋਂ ਉਤਸ਼ਾਹਿਤ ਹੋ ਕੇ ਬੰਦਾ ਬਹਾਦਰ ਨੇ ਨੇੜੇ ਹੀ ਸੋਨੀਪਤ ’ਤੇ ਹਮਲਾ ਕਰ ਕੇ ਆਪਣੀਆਂ ਸੈਨਿਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਅਤੇ ਮੁਗ਼ਲ ਰਾਜਧਾਨੀ ਦੇ ਨੱਕ ਹੇਠ ਪਹਿਲੀ ਜਿੱਤ ਪ੍ਰਾਪਤ ਕੀਤੀ। ਬੰਦਾ ਬਹਾਦਰ ਦਾ ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਸ ਨੇ ਥੋੜ੍ਹੇ ਅਰਸੇ ਵਿੱਚ ਹੀ ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਛੱਤ-ਬਨੂੜ ਵਰਗੇ ਮੁਗ਼ਲਾਂ ਦੇ ਗੜ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਹੁਣ ਬੰਦਾ ਬਹਾਦਰ ਨੇ ਆਪਣੇ ਮੁੱਖ ਨਿਸ਼ਾਨੇ ਸਰਹਿੰਦ ਵੱਲ ਵਾਗਾਂ ਮੋੜੀਆਂ।
12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਖੂਨ ਡੋਲਵੀਂ ਲੜਾਈ ਵਿੱਚ ਸਰਹਿੰਦ ਦਾ ਹੁਕਮਰਾਨ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦਾ ਛੋਟਾ ਪੁੱਤਰ ਅਤੇ ਉਸ ਦਾ ਜਵਾਈ ਵੀ ਲੜਾਈ ਵਿੱਚ ਮਾਰੇ ਗਏ। 14 ਮਈ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹਿੰਦ ਵਿੱਚ ਦਾਖਲ ਹੋਏ। ਇਸ ਤਰ੍ਹਾਂ ਬੰਦਾ ਬਹਾਦਰ ਨੇ ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ। ਸੋ, ਸਰਹਿੰਦ ਦੀ ਜਿੱਤ ਇਕ ਅਜਿਹਾ ਜ਼ਲਜ਼ਲਾ ਸੀ, ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਰਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਛੇਤੀ ਹੀ ਸਿੱਖ ਲਾਹੌਰ ਦੀਆਂ ਕੰਧਾਂ ਤੱਕ ਪਹੁੰਚ ਗਏ। ਇਤਿਹਾਸ ਦੀਆਂ ਨਜ਼ਰਾਂ ਨੇ ਉਹ ਵਕਤ ਵੀ ਵੇਖਿਆ ਹੈ ਜਦੋਂ ਲਾਹੌਰ ਤੋਂ ਲੈ ਕੇ ਜਮਨਾ ਪਾਰ ਸਹਾਰਨਪੁਰ ਤੱਕ ਦੇ ਇਲਾਕੇ ’ਤੇ ਬੰਦਾ ਬਹਾਦਰ ਦਾ ਕਬਜ਼ਾ ਸੀ।
ਉਸ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਭੀ ਜਾਰੀ ਕਰ ਦਿੱਤਾ, ਜਿਸ 'ਤੇ ਫ਼ਾਰਸੀ ਦੇ ਹੇਠ ਲਿਖੇ ਸ਼ਬਦ ਉੱਕਰੇ ਹੋਏ ਸਨ: 'ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ' ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ' ਜਿਸ ਦਾ ਅਰਥ ਹੈ: ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ। ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ: ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ। ਅਰਥਾਤ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ।
ਬਾਬਾ ਬੰਦਾ ਸਿੰਘ ਬਹਾਦਰ ਨਿਰਾ ਜੰਗਜੂ ਹੀ ਨਹੀਂ ਸੀ, ਉਹ ਲੋਕਾਂ ਦਾ ਸੇਵਕ ਅਤੇ ਪਰਜਾ ਦਾ ਪਾਲਕ ਵੀ ਸੀ। ਉਸ ਨੇ ਗਰੀਬ-ਗੁਰਬਿਆਂ ਨੂੰ ਆਪਣੀ ਹਕੂਮਤ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਕਰ ਕੇ ਗੁਰੂ ਗੋਬਿੰਦ ਸਿੰਘ ਦੇ ਇਸ ਐਲਾਨਨਾਮੇ ‘‘ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਯਾਦ ਕਰੇਂ ਯੇਹ ਹਮਾਰੀ ਗੁਰਿਆਈ’’ ਨੂੰ ਅਮਲੀ ਜਾਮਾ ਪਹਿਨਾਇਆ। ਸਭ ਤੋਂ ਵਧ ਕੇ ਉਸ ਨੇ ਜ਼ਿਮੀਂਦਾਰਾ ਪ੍ਰਬੰਧ ਵਿੱਚ ਸੁਧਾਰ ਕੀਤਾ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਵਾਲੇ ਬਣਾਇਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਤ ਨੂੰ ਵੇਖਦਿਆਂ ਮੁਗ਼ਲ ਸਮਰਾਟ ਬਹਾਦਰ ਸ਼ਾਹ ਖੁਦ ਵੱਡੀ ਫੌਜ ਲੈ ਕੇ ਪੰਜਾਬ ਵਿੱਚ ਦਾਖਲ ਹੋਇਆ। ਮੌਕੇ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬੰਦਾ ਬਹਾਦਰ ਲੋਹਗੜ੍ਹ ਦਾ ਕਿਲ੍ਹਾ ਛੱਡ ਕੇ ਪਹਾੜਾਂ ਵੱਲ ਨਿੱਕਲ ਗਿਆ। ਮੁਗ਼ਲ ਸਮਰਾਟ ਬਹਾਦਰ ਸ਼ਾਹ ਦੀ 18 ਫਰਵਰੀ 1712 ਨੂੰ ਲਾਹੌਰ ਵਿਖੇ ਮੌਤ ਹੋ ਗਈ। ਮੌਕੇ ਤੋਂ ਲਾਭ ਉਠਾਉਂਦਿਆਂ, ਬੰਦਾ ਬਹਾਦਰ ਨੇ ਮੁੜ ਆਪਣੀ ਸ਼ਕਤੀ ਨੂੰ ਸੰਗਠਤ ਕੀਤਾ ਅਤੇ ਕਈ ਇਲਾਕਿਆਂ ’ਤੇ ਕਾਬਜ਼ ਹੋ ਗਿਆ। ਉਸ ਨੇ ਮਾਰਚ 1715 ਵਿੱਚ ਕਲਾਨੌਰ ਤੇ ਬਟਾਲੇ ’ਤੇ ਕਬਜ਼ਾ ਕਰ ਲਿਆ।
ਅੰਤ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚ ਮੁਗ਼ਲ ਫੌਜ ਦੇ ਘੇਰੇ ਵਿੱਚ ਆ ਗਿਆ। ਇਹ ਘੇਰਾ ਕਈ ਮਹੀਨਿਆਂ ਤੱਕ ਜਾਰੀ ਰਿਹਾ। ਰਸਦ ਮੁੱਕ ਗਈ। ਸਿੱਖ ਫਾਕੇ ਕੱਟਣ ਲੱਗੇ। 7 ਦਸੰਬਰ, 1715 ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ’ਤੇ ਕਬਜ਼ਾ ਕਰ ਲਿਆ। ਸ਼ਾਹੀ ਫੌਜਾਂ ਦੀ ਜਿੱਤ ’ਤੇ ਟਿੱਪਣੀ ਕਰਦਿਆਂ, ਹਾਜੀ ਕਾਮਵਰ ਖਾਂ ਆਪਣੀ ਪੁਸਤਕ ‘ਤਜ਼ਕਿਰਾਤੂ-ਸਲਾਤੀਨ ਚੁਗਤਾਂਈਆ, ਵਿੱਚ ਲਿਖਦਾ ਹੈ ਕਿ ‘‘ਇਹ ਕਿਸੇ ਦੀ ਅਕਲਮੰਦੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਬਲਕਿ ਰੱਬ ਦੀ ਮਿਹਰਬਾਨੀ ਸੀ। ਕਾਫ਼ਰ ਸਿੱਖ (ਬੰਦਾ ਬਹਾਦਰ) ਅਤੇ ਉਸ ਦੇ ਸਾਥੀ ਭੁੱਖ ਨੇ ਅਧੀਨ ਹੋਣ ਲਈ ਮਜਬੂਰ ਕਰ ਦਿੱਤੇ ਸਨ।’’
ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਪਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ। ਫਿਰ ਅਤਿ ਖੁਆਰੀ ਦੀ ਹਾਲਤ ਵਿੱਚ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾਇਆ ਗਿਆ। ਇਹ ਜਲੂਸ 27 ਫਰਵਰੀ 1716 ਨੂੰ ਦਿੱਲੀ ਵਿੱਚ ਦਾਖਲ ਹੋਇਆ। ਬੰਦਾ ਬਹਾਦਰ ਅਤੇ ਉਸ ਦੇ ਮੁੱਖ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਲਈ ਇਬਰਾਹੀਮ-ਉਦ-ਦੀਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ। ਬਾਕੀਆਂ ਨੂੰ ਸਰਬਰਾਹ ਖਾਨ ਦੇ ਹਵਾਲੇ ਕੀਤਾ ਗਿਆ। ਬੰਦਾ ਬਹਾਦਰ ਦੀ ਪਤਨੀ ਅਤੇ ਉਸ ਦੇ ਚਾਰ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੱਖਰੇ ਤੌਰ ’ਤੇ ਕੈਦ ਵਿੱਚ ਰੱਖਿਆ ਗਿਆ।
ਮਾਰਚ 1715 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਸਨ। ਸੱਤ ਦਿਨਾਂ ਤੱਕ ਕਤਲੇਆਮ ਜਾਰੀ ਰਿਹਾ। ਇਨ੍ਹਾਂ ਕਤਲਾਂ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਚੁੱਪ ਵਰਤੀ ਰਹੀ।
ਜੂਨ 1716 ਨੂੰ ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਇਕ ਜਲੂਸ ਦੀ ਸ਼ਕਲ ਵਿੱਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਫਿਰ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ। ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ, ਹੱਥ-ਪੈਰ ਕੱਟ ਦਿੱਤੇ ਗਏ ਅਤੇ ਅੰਤ ਸਿਰ ਕਲਮ ਕਰ ਦਿੱਤਾ ਗਿਆ
ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਸਲਮਾਨ ਲੇਖਕ ਮੁਹੰਮਦ ਕਾਸਮ ਲਾਹੌਰੀ ਦੀ ਲਿਖਤ 'ਇਬਰਤਨਾਮਾ' (ਰਚਿਤ 1722 ਈ:) ਅਨੁਸਾਰ “ਸਿੱਖਾਂ ਤੇ ਮੁਗ਼ਲਾਂ ਵਿਚਕਾਰ ਘੋਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਉਪਰੰਤ ਸ਼ੁਰੂ ਹੋਇਆ ਤੇ ਇਸ ਨੂੰ ਸ਼ੁਰੂ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਸੀ।" ਇਸ ਪ੍ਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਸਰਗਰਮ ਧਮਾਕਾ ਛੱਡਿਆ। ਇਸ ਧਮਾਕੇ ਨੂੰ 'ਅਜਬ ਬਲਾ' ਕਹਿਣ ਵਾਲੇ ਸਰਕਾਰੀ ਮੁਸਲਮਾਨ ਲੇਖਕ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਪੰਜਾਬ ਦੀ ਸਿਆਸਤ ਵਿਚ ਬਾਬਾ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗ਼ਲਾਂ ਨੂੰ ਵਿਸ਼ਵਾਸ ਨਹੀਂ ਆ ਸਕਦਾ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਖਾਸ ਕਰ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ। ਕੁਝ ਖੇਤਰਾਂ ਵਿਚ ਉਸ ਦੇ ਪਾਏ ਹੋਏ ਪੂਰਨੇ ਅੱਜ ਤਕ ਅਪਣਾਏ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਵਾਹੀਕਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾ ਦਿੱਤਾ। ਉਨ੍ਹਾਂ ਤੋਂ ਪਿੱਛੋਂ ਵੀ ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤਕ ਇਵੇਂ ਹੀ ਚੱਲਦਾ ਰਿਹਾ। ਉਨ੍ਹਾਂ ਨੇ ਪੰਜਾਬ ਵਿਚ ਰਾਜਨੀਤਕ ਜਾਗ੍ਰਿਤੀ ਲਿਆਉਣ ਦੇ ਨਾਲ-ਨਾਲ ਆਰਥਿਕ ਖੁਸ਼ਹਾਲੀ ਦਾ ਮੁੱਢ ਵੀ ਬੰਨ੍ਹ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਵਿਚ ਇਕ ਵੱਡੀ ਕ੍ਰਾਂਤੀ ਲਿਆਂਦੀ ਸੀ। ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇਜ਼ਮੀਨੇ ਮੁਜਾਰੇ ਤੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਤੇ ਸਿੱਖ ਸਰਦਾਰ ਬਣਾ ਦਿੱਤਾ ਸੀ। ਇਸ ਪੱਖੋਂ ਵੀ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਦੀ ਲੰਮੀ ਦ੍ਰਿਸ਼ਟੀ ਤੇ ਡੂੰਘੀ ਸੋਚ ਨਾਲ ਦਿੱਤੀ ਉਨ੍ਹਾਂ ਦੀ ਦੇਣ ਦਾ ਸਦਾ ਰਿਣੀ ਰਹੇਗਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ। ਹਰ ਇਲਾਕੇ ਦਾ ਪ੍ਰਬੰਧਕ ਨਿਯੁਕਤ ਕੀਤਾ। ਉਹ ਪ੍ਰਬੰਧਕ ਬਹੁਤ ਦੱਬੇ-ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ। ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ।
ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਲਈ ਚਾਨਣਮੁਨਾਰੇ ਦਾ ਕੰਮ ਕੀਤਾ ਤੇ ਹਮੇਸ਼ਾਂ ਲਈ ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ। 1716 ਵਿਚ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿਚ ਸਿੱਖ ਰਾਜ ਦੀ ਬੁਨਿਆਦ ਡੂੰਘੀ ਕਾਇਮ ਕਰ ਗਏ ਸਨ। ਇਸ ਬੁਨਿਆਦ ਉੱਤੇ ਹੀ 1799 ਨੂੰ ਲਾਹੌਰ ਫਤਹਿ ਕਰਨ ਉਪਰੰਤ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਇਕ ਵਿਸ਼ਾਲ ਸਿੱਖ ਹਲੇਮੀ ਰਾਜ ਕਾਇਮ ਕੀਤਾ।
1717 ਤੋਂ ਬਾਅਦ ਕਈ ਦਹਾਕੇ ਸਿੰਘਾਂ ਨੂੰ ਖ਼ਤਮ ਕਰਨ ਲਈ ਮੁਗ਼ਲ ਸਰਕਾਰ ਵੱਲੋਂ ਬੇਹੱਦ ਜ਼ੁਲਮ ਕੀਤੇ ਗਏ, ਪਰ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ। 1748 ਵਿਚ ਸਿੰਘਾਂ ਦੇ 12 ਜਥੇ ਬਣਾਏ ਗਏ ਅਤੇ ਬਾਅਦ ਵਿਚ ਇਨ੍ਹਾਂ ਤੋਂ ਬਾਰ੍ਹਾਂ ਮਿਸਲਾਂ ਹੋਂਦ ਵਿਚ ਆਈਆਂ। ਇਨ੍ਹਾਂ ਵਿੱਚੋਂ ਇਕ ਸੀ ਸ਼ੁਕਰਚੱਕੀਆ ਮਿਸਲ। ਇਸ ਮਿਸਲ ਦੇ ਮੁਖੀ ਸਨ ਮਹਾਰਾਜਾ ਰਣਜੀਤ ਸਿੰਘ, ਜਿਸਨੇ ਬਾਅਦ 'ਚ ਖਾਲਸਾ ਰਾਜ ਦੀ ਸਥਾਪਨਾ ਕੀਤੀ।
*ਬਾਬਾ ਬੰਦਾ ਸਿੰਘ ਬਹਾਦਰ ਨੇ ਜਾਲਮ “ਮੁਗਲ ਸਲਤਨਤ” ਅਤੇ ਕਪਟੀ ਪਹਾੜੀ “ਹਿੰਦੂ ਰਾਜਿਆਂ” ਦੇ ਪੈਰਾਂ ਹੇਠੋਂ ਜਮੀਨ ਖਿਸਕਾ ਦਿੱਤੀ ਸੀ।
ਪੰਜਾਬ ਵਿੱਚ ਵਾਹੀਕਾਰ ਨੂੰ ਜਮੀਨਾ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ