ਜਲੰਧਰ : ਗ਼ਦਰੀ ਬਾਬਿਆਂ ਦਾ ਮੇਲਾ ਇਸ ਵਾਰ ਅਮਿੱਟ ਪੈੜਾਂ ਪਾਉਂਦਾ ਸਮਾਪਤ ਹੋਇਆ ਹੈ। ਕਾਬਿਲੇ ਜ਼ਿਕਰ ਹੈ ਕਿ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਝੰਡਾ ਝੁਲਾ ਕੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ। ਝੰਡੇ ਦੀ ਰਸਮ ਸਮੇਂ ਕਮੇਟੀ ਦੇ ਟਰੱਸਟੀ ਤੇ ਮੈਂਬਰ ਕਾਮਰੇਡ ਅਜਮੇਰ ਸਿੰਘ, ਡਾ. ਪਰਮਿੰਦਰ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ ਅਮੋਲਕ ਸਿੰਘ, ਹਰਦੇਵ ਅਰਸ਼ੀ, ਮੰਗਤ ਰਾਮ ਪਾਸਲਾ, ਸੀਤਲ ਸਿੰਘ ਸੰਘਾ, ਚਰੰਜੀ ਲਾਲ ਕੰਗਣੀਵਾਲ ਤੇ ਹੋਰ ਸ਼ਾਮਲ ਸਨ। ਡਾ. ਪਰਮਿੰਦਰ ਨੇ ਜੀ ਆਇਆਂ ਆਖਿਆ ਤੇ ਪ੍ਰਧਾਨਗੀ ਭਾਸ਼ਨ ਵਿਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਆਖਿਆ ਕਿ ਦੇਸ਼, ਨਾਜ਼ੁਕ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ।ਬਹੁਤ ਸਾਰੇ ਪੱਤਰਕਾਰ ਜੇਲ੍ਹਾਂ ਵਿਚ ਬੰਦ ਕੀਤੇ ਜਾ ਰਹੇ ਹਨ, ਬੁੱਧੀਜੀਵੀ ਤਬਕਾ, ਰੰਗ ਕਰਮੀ, ਪ੍ਰੋੋੋਫੈਸਰ ਆਦਿ ਬੰਦ ਕੀਤੇ ਗਏ ਹਨ, ਉਨ੍ਹਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ। ਇਸ ਦੌਰਾਨ ਸੋਵੀਨਰ ਤੇ ਬਹੁਤ ਸਾਰੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਮੁੱਖ ਬੁਲਾਰੇ ਡਾ. ਸਵਰਾਜਬੀਰ ਨੇ ਸਮਕਾਲੀ ਹਾਲਾਤ ਨਾਲ ਜੁੜੇ ਭਾਸ਼ਨ ਵਿਚ ਸ਼ਾਹੀਨ ਬਾਗ਼ ਦਾ ਮੋਰਚਾ, ਕਿਸਾਨ ਮੋਰਚਾ, ਦੇਸ਼ਭਗਤਾਂ ਨੂੰ ਕਿਉਂ ਜੰਗ ਲੜਨੀ ਪਈ? ਇਸ ਵਿਸ਼ੇ ‘ਤੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਦੇਸ਼ ਅੰਦਰ ਤਲਖ਼ ਹਕੀਕਤਾਂ ਨਾਲ ਲੋਕਾਂ ਨੂੰ ਮੱਥਾ ਲਾਉਣ ਦਾ ਸੁਨੇਹਾ ਦਿੱਤਾ।ਦੂਸਰੇ ਬੁਲਾਰੇ ਸਨ ਡਾ. ਅਨੁਪਮਾ, ਜਿਨ੍ਹਾਂ ਨੇ ਦੇਸ਼ ਅੰਦਰ ਦਲਿਤਾਂ, ਅੌਰਤਾਂ, ਘੱਟਗਿਣਤੀਆਂ ‘ਤੇ ਹੋ ਰਹੇ ਹਮਲਿਆਂ ਬਾਰੇ ਵਿਸਥਾਰ ਨਾਲ ਆਪਣੀ ਗੱਲ ਕਹੀ। ਮੇਲੇ ਨੂੰ ਅਜਿਹੇ ਹਾਲਾਤ ਵਿਚ ਵਿਰਾਸਤ ਨਾਲ ਜੋੜੀ ਰੱਖਣਾ ਇਸ ਮੇਲੇ ਨੂੰ ਜਾਰੀ ਰੱਖਣਾ ਦੇਸ਼ ਭਗਤਾਂ ਦੀ ਮਸ਼ਾਲ ਨੂੰ ਜਗਾਈ ਰੱਖਣਾ ਹੈ। ਇਨਕਲਾਬੀ ਰਸੂਲਪੁਰੀ ਕਵੀਸ਼ਰੀ ਜਥੇ ਨੇ ਵਾਰਾਂ ਤੇ ਗੀਤ ਪੇਸ਼ ਕੀਤੇ। ਲਘੂ ਨਾਟਕ, ਗੀਤ ਸੰਗੀਤ ਤੇ ਕਵੀ ਦਰਬਾਰ ਯਾਦਾਂ ਛੱਡ ਗਿਆ। ਇਸ ਕਵੀ ਦਰਬਾਰ ਵਿਚ ਮੰਗਤ ਰਾਮ ਪਾਸਲਾ, ਕਾਮਰੇਡ ਦਰਸ਼ਨ ਖਟਕੜ, ਸੁਰਜੀਤ ਜੱਜ, ਡਾ. ਪਾਲ ਕੌਰ, ਜਸਵਿੰਦਰ ਯੋਧਾ, ਨੀਤੂ ਅਰੋੜਾ, ਮਨਜਿੰਦਰ ਕੰਵਲ ਨੇ ਰਚਨਾਵਾਂ ਪੇਸ਼ ਕੀਤੀਆਂ। ਇਹ 29ਵਾਂ ਮੇਲਾ ਬਾਬਾ ਸੋਹਣ ਸਿੰਘ ਭਕਨਾ ਨੂੰ ਸਮਰਪਤ ਸੀ, ਮੇਲਾ ਨਾਟਕਾਂ ਤੇ ਗੀਤਾਂ ਭਰੀ ਸ਼ਾਮ ਨਾਲ ਖ਼ਤਮ ਹੋਇਆ। ਮੇਲਾ ਪ੍ਰਰੇਮੀਆਂ ਲਈ ਰਾਤ ਦਾ ਖਾਣਾ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਸੀ