ਮੁਕਤਸਰ ਸਾਹਿਬ:-ਅਦਾਲਤ ਵੱਲੋਂ ਆਪਣੀ ਪਤਨੀ, ਧੀ-ਪੁੱਤ ਤੇ ਨੌਕਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਨੌਕਰ ਦੀ ਪਤਨੀ ਨਾਲ ਨਾਜਾਇਜ਼ ਸਬੰਧਾਂ ‘ਚ ਅੜਿੱਚਣ ਕਾਰਨ ਆਪਣੇ ਪਰਿਵਾਰ ਸਮੇਤ ਨੌਕਰ ਨੂੰ ਮਾਰ ਦਿੱਤਾ ਸੀ। ਇਹ ਘਟਨਾ ਸਾਲ 2015 ਦੀ ਹੈ। ਇਸ ਦੇ ਜ਼ੁਰਮ ‘ਚ ਅਟਾਰੀ ਪਿੰਡ ਦੇ ਪਲਵਿੰਦਰ ਸਿੰਘ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ।

ਇਸ ਹੱਤਿਆ ਕਾਂਡ ਦੀ ਸਾਜ਼ਿਸ਼ ਵਿੱਚ ਸ਼ਾਮਲ ਨੌਕਰ ਦੀ ਪਤਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਲਵਿੰਦਰ ਸਿੰਘ ਮੁਕਤਸਰ ਸਾਹਿਬ ਦੇ ਖਾਲਸਾ ਸਕੂਲ ‘ਚ ਨੌਕਰੀ ਕਰਦਾ ਸੀ। ਆਪਣੇ ਖੇਤੀ ਦੇ ਕੰਮਕਾਜ ਨੂੰ ਦੇਖਣ ਲਈ ਨਿਰਮਲ ਸਿੰਘ ਤੇ ਉਸ ਦੀ ਪਤਨੀ ਕਰਮਜੀਤ ਕੌਰ ਨੂੰ ਕੰਮ ‘ਤੇ ਰੱਖਿਆ ਸੀ। ਨੌਕਰ ਨਿਰਮਲ ਦੀ ਪਤਨੀ ਨਾਲ ਉਸ ਦੇ ਨਾਜਾਇਜ਼ ਸਬੰਧ ਸਨ। ਇਸ ਕਾਰਨ ਹੀ ਦੋਵਾਂ ਨੇ ਮਿਲ ਕੇ ਚਾਰਾਂ ਨੂੰ ਮਾਰਨ ਦੀ ਸਾਜਿਸ਼ ਰਚੀ ਤਾਂ ਜੋ ਉਨ੍ਹਾਂ ਨੂੰ ਰਾਹ ‘ਚੋਂ ਹਟਾਇਆ ਜਾ ਸਕੇ। ਇਸ ਲਈ ਪਲਵਿੰਦਰ ਸਿੰਘ ਤੇ ਨੌਕਰ ਨਿਰਮਲ ਦੀ ਪਤਨੀ ਕਰਮਜੀਤ ਕੌਰ ਨੇ ਬਹੁਤ ਹੀ ਫਿਲਮੀ ਅੰਦਾਜ਼ ‘ਚ ਘਟਨਾ ਨੂੰ ਅੰਜਾਮ ਦਿੱਤਾ। ਉਹ ਆਪਣੀ ਪਤਨੀ, ਬੱਚੇ ਤੇ ਨੌਕਰ ਨਿਰਮਲ ਸਿੰਘ ਨੂੰ ਕਾਰ ‘ਚ ਬਿਠਾ ਕੇ ਜੂਨ, 2015 ਨੂੰ ਘੁਮਾਉਣ ਲੈ ਗਿਆ। ਗੰਗਾ ਨਹਿਰ ਕੋਲ ਜਾ ਕੇ ਜਾਣਬੁੱਝ ਕੇ ਕਾਰ ਨਹਿਰ ‘ਚ ਸੁੱਟ ਦਿੱਤੀ ਤੇ ਖੁਦ ਖਿੜਕੀ ਖੋਲ੍ਹ ਕੇ ਬਾਹਰ ਨਿਕਲ ਗਿਆ। ਇਸ ਘਟਨਾ ‘ਚ ਪਲਵਿੰਦਰ ਦੀ ਪਤਨੀ, ਬੱਚਿਆਂ ਤੇ ਨੌਕਰ ਦੀ ਮੌਤ ਹੋ ਗਈ। ਇਸ ਕਤਲ ਕਾਂਡ ਤੋਂ ਬਾਅਦ ਜਨਵਰੀ, 2016 ਨੂੰ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਲਿਆ। ਪਲਵਿੰਦਰ ਦੀ ਮ੍ਰਿਤਕ ਪਤਨੀ ਦੇ ਭਰਾ ਨੂੰ ਸ਼ੱਕ ਹੋਇਆ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਭੈਣ, ਦੋਵੇਂ ਬੱਚਿਆਂ ਤੇ ਨੌਕਰ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਪਲਵਿੰਦਰ ਤੇ ਕਰਮਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ।