ਚੰਡੀਗੜ੍ਹ :- ਕਿਸਾਨ ਯੂਨੀਅਨਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਗੱਲਬਾਤ ਲਈ ਦਿੱਲੀ ਨਹੀਂ ਜਾਣਗੇ। ਅੱਜ ਇੱਥੇ ਕਿਸਾਨਾਂ ਦੀਆਂ 31 ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਕਿਸਾਨ ਯੂਨੀਅਨਾਂ ਨੇ ਫੈਸਲਾ ਲਿਆ ਕਿ ਕਿਸਾਨ ਅੰਦੋਲਨ ਹੋਰ ਤੇਜ਼ ਕੀਤਾ ਜਾਏਗਾ। ਦੱਸ ਦੇਈਏ ਕਿ ਬੀਤੇ ਦਿਨ ਦਿੱਲੀ ‘ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ ਸੀ ਤੇ ਕਿਸਾਨ ਕੇਂਦਰ ਦੇ ਵਤੀਰੇ ਤੋਂ ਵੀ ਨਾ ਖੁਸ਼ ਹਨ।

ਕਿਸਾਨਾਂ ਯੂਨੀਅਨਾਂ ਨੇ ਕਿਹਾ, ਕੇਂਦਰ ਸਰਕਾਰ ਨੇ ਦਿੱਲੀ ਬੁੱਲਾ ਕੇ ਕਿਸਾਨ ਵਫ਼ਦ ਦਾ ਅਪਮਾਨ ਕੀਤਾ ਹੈ।ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 17 ਅਕਤੂਬਰ ਨੂੰ ਪੂਰੇ ਪੰਜਾਬ ‘ਚ ਮਾਰਚ ਕੱਢੇ ਜਾਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਵੀ ਫੂਕੇ ਜਾਣਗੇ। ਕਿਸਾਨਾਂ ਨੇ ਮੀਟਿੰਗ ‘ਚ ਇੱਕ ਅਹਿਮ ਫੈਸਲਾ ਵੀ ਕੀਤਾ ਹੈ ਕਿ ਉਹ ਹੁਣ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਨਹੀਂ ਜਾਣਗੇ।ਹਾਲਾਂਕਿ, ਆਪਣੀ ਪਲੈਨਿੰਗ ਦੇ ਹਿਸਾਬ ਨਾਲ ਉਹ ਵਿਰੋਧ ਲਈ ਦਿੱਲੀ ਜਾ ਸਕਦੇ ਹਨ। ਕਿਸਾਨਾਂ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੇ ਸੰਘਰਸ਼ ਅੱਗੇ ਆਏਗਾ ਉਹ ਉਸਦਾ ਜ਼ੋਰਦਾਰ ਵਿਰੋਧ ਕਰਨਗੇ ਫਿਰ ਚਾਹੇ ਉਹ ਪ੍ਰਧਾਨ ਮੰਤਰੀ ਹੋਣ ਜਾਂ ਫਿਰ ਕੋਈ ਰਾਜਪਾਲ!ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ, ਕਿਸਾਨ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਲਈ ਸਿਆਸੀ ਸਾਜ਼ਿਸ਼ਾਂ ਹੋ ਰਹੀਆਂ ਹਨ। ਪਰ ਉਹ ਪੂਰੀ ਤਰ੍ਹਾਂ ਸੁਚੇਤ ਹਨ। ਹੁਣ ਉਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲਾਉਣਗੇ ਅਤੇ ਫਿਰ ਦਿੱਲੀ ਨੂੰ ਘੇਰਨ ਦੀ ਯੋਜਨਾ ਬਣਾਉਣਗੇ।


ਕਿਸਾਨ ਅੰਦੋਲਨ ਨੇ ਬਹੁਤ ਸਾਰੇ ਸਮੀਕਰਣਾਂ ਨੂੰ ਬਦਲਿਆ ਹੈ। ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਕਾਰਨ ਐਨਡੀਏ ਦਾ ਸਾਥ ਛੱਡ ਦਿੱਤਾ ਅਤੇ ਇਸ ਕਾਰਨ ਹਰਸਿਮਰਤ ਬਾਦਲ ਨੇ ਅਸਤੀਫ਼ਾ ਵੀ ਦੇ ਦਿੱਤਾ ਸੀ। ਅੰਦੋਲਨ ਨੇ ਰਾਜਨੀਤਿਕ ਸਿਸਟਮ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।