ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਪੋਤੀਆਂ ਰਾਹੀਂ 14000 ਪੌਦੇ ਲਗਾਏਗਾ ਜਿਲਾ ਪ੍ਰਸ਼ਾਸਨ ਜਲੰਧਰ।

ਪਰਿਵਾਰਾਂ ਵਿੱਚ ਬਜ਼ੁਰਗਾਂ ਦੀ ਮਹੱਤਤਾ ਵਿਸ਼ੇਸ਼ ਤੋਰ ‘ਤੇ ਦਾਦੀਆਂ ਦੇ ਸਨਮਾਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਪੋਤੀਆਂ ਰਾਹੀਂ ਜਲੰਧਰ ਵਿਖੇ 14000 ਪੌਦੇ ਲਗਾਉਣ ਦਾ ਫੈਸਲਾ ਕੀਤਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿੱਥੇ ਪੋਤੀਆਂ ਨੇ ਆਪਣੀਆਂ ਦਾਦੀਆਂ ਲਈ ਬੂਟੇ ਲਗਾਏ। 


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਵੇਂ ਰੁੱਖ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ ਅਤੇ ਲੋਕਾਂ ਨੂੰ ਅਣਗਿਣਤ ਚੀਜ਼ਾਂ ਮੁਹੱਈਆ ਕਰਵਾਉਂਦੇ ਹਨ, ਉਸੇ ਤਰ੍ਹਾਂ ਦਾਦੀਆਂ ਪੋਤੀਆਂ ਦੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ‘ਦਾਦੀ ਅਤੇ ਪੋਤੀ ਦੀ ਜੋੜੀ’ ਆੱਨਲਾਈਨ ਮੁਕਾਬਲਾ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿੱਚ 15 ਸਾਲ ਦੀ ਉਮਰ ਦੀਆਂ ਕੁੜੀਆਂ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ‘ਦਾਦੀ ਨਾਲ਼ ਸੈਲਫੀ’ ਅਤੇ ‘ਦਾਦੀ ਅਤੇ ਪੋਤੀ’ ਦੇ ਸਬੰਧਾਂ ਬਾਰੇ ਇੱਕ ਵੀਡੀਓ (30 ਸਕਿੰਟ -60 ਸੈਕਿੰਡ) ਭੇਜ ਕੇ ਮੁਕਾਬਲੇ ਵਿੱਚ ਹਿੱਸਾ ਲੈ ਸਕਦੀਆਂ ਹਨ ਅਤੇ 30 ਸਤੰਬਰ, 2020 ਤੱਕ ਵਟਸਐਪ ਨੰਬਰ 98720-21457 ‘ਤੇ ਐਂਟਰੀਆਂ ਭੇਜ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਪਹਿਲੀਆਂ ਤਿੰਨ ਉੱਤਮ ਐਂਟਰੀਆਂ ਨੂੰ 10,000 ਰੁਪਏ, 5000 ਰੁਪਏ ਅਤੇ 2100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ 1100 ਰੁਪਏ ਦੇ ਦਸ ਹੌਸਲਾ ਵਧਾਊ ਇਨਾਮ ਵੀ ਦਿੱਤੇ ਜਾਣਗੇ।